ਬਠਿੰਡਾ: 3 ਫਰਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)-ਕੈਬਨਿਟ ਮੰਤਰੀ ਪੰਜਾਬ ਗੁਰਮੀਤ ਸਿੰਘ ਖੁਡੀਆਂ ਦੇ ਹੁਕਮਾਂ ਅਤੇ ਪਿ੍ੰਸੀਪਲ ਸਕੱਤਰ ਰਾਹੁਲ ਤਿਵਾੜੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪਸ਼ੂ ਪਾਲਣ ਵਿਭਾਗ ਵਲੋਂ ਜ਼ਿਲ੍ਹੇ ਭਰ ਦੇ ਗਊਧੰਨ ਨੂੰ ਮਾਰੂ ਬਿਮਾਰੀਆਂ ਤੋਂ ਬਚਾਉਣ ਲਈ ਲੰਪੀ ਸਕਿਨ ਬਿਮਾਰੀ ਤੋਂ ਬਚਾਅ ਸਬੰਧੀ ਜ਼ਿਲ੍ਹਾ ਪੱਧਰੀ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ | ਇਸ ਮੁਹਿੰਮ ਦਾ ਰਸਮੀ ਉਦਘਾਟਨ ਬਠਿੰਡਾ ਦੇ ਸ਼ਿਰਕੀ ਬਾਜ਼ਾਰ ਦੀ ਗਊਸ਼ਾਲਾ ਤੋਂ ਕੀਤਾ ਗਿਆ | ਜ਼ਿਲ੍ਹਾ ਪੱਧਰ 'ਤੇ ਇਸ ਮੁਹਿੰਮ ਦੀ ਸ਼ੁਰੂਆਤ ਮੌਕੇ ਡਿਪਟੀ ਡਾਇਰੈਕਟਰ, ਪਸ਼ੂ ਪਾਲਣ ਵਿਭਾਗ ਡਾ. ਵਿਵੇਕ ਮਲਹੋਤਰਾ ਨੇ ਦੱਸਿਆ ਕਿ ਇਸ ਟੀਕਾਕਰਨ ਮੁਹਿੰਮ ਦੌਰਾਨ ਲੰਪੀ ਸਕਿਨ ਬਿਮਾਰੀ ਤੋਂ ਬਚਾਅ ਲਈ ਪਸ਼ੂਆਂ ਦੇ ਟੀਕੇ ਲਗਾਏ ਜਾਣਗੇ ਤਾਂ ਜੋ ਪਸ਼ੂਆਂ ਦੇ ਨੁਕਸਾਨ ਨੂੰ ਰੋਕਣ ਦੇ ਨਾਲ-ਨਾਲ ਪਸ਼ੂ ਪਾਲਕਾਂ ਦੇ ਆਰਥਿਕ ਨੁਕਸਾਨ ਨੂੰ ਵੀ ਰੋਕਿਆ ਜਾ ਸਕੇ | ਉਨ੍ਹਾਂ ਇਸ ਮੁਹਿੰਮ ਤਹਿਤ ਪਸ਼ੂ ਪਾਲਣ ਵਿਭਾਗ ਵੱਲੋਂ ਹਰ ਇਕ ਪਸ਼ੂ ਤੱਕ ਪਹੁੰਚ ਕਰਕੇ 100 ਫੀਸਦੀ ਟੀਕਾਕਰਨ ਯਕੀਨੀ ਬਣਾਇਆ ਜਾਵੇਗਾ | ਉਨ੍ਹਾਂ ਗਊਸ਼ਾਲਾਵਾਂ ਦੇ ਪ੍ਰਬੰਧਕਾਂ ਅਤੇ ਡੇਅਰੀ ਮਾਲਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਵਿਭਾਗ ਦੀਆਂ ਟੀਮਾਂ ਦਾ ਪੂਰਨ ਸਹਿਯੋਗ ਕੀਤਾ ਜਾਵੇ | ਇਸ ਮੌਕੇ ਡਾ. ਦਲਜੀਤ ਸਿੰਘ ਧਾਮੀ, ਸੀਨੀਅਰ ਵੈਟਰਨਰੀ ਅਫ਼ਸਰ, ਡਾ: ਚਮਨਦੀਪ ਕੌਰ ਸਹਾਇਕ ਡਾਇਰੈਕਟਰ, ਡਾ. ਵਿਜੈ ਕੁਮਾਰ ਸਹਾਇਕ ਡਾਇਰੈਕਟਰ (ਐਨੀਮਲ ਹੈਲਥ), ਡਾ. ਨਰੇਸ਼ ਮੰਗਲਾ ਵੈਟਰਨਰੀ ਅਫ਼ਸਰ, ਚਰਨਜੀਤ ਰਿੰਪੀ, ਸੀਨੀਅਰ ਵੈਟਰਨਰੀ ਇੰਸਪੈਕਟਰ ਤੋਂ ਇਲਾਵਾ ਸਿਰਕੀ ਬਾਜ਼ਾਰ ਗਊਸ਼ਾਲਾ ਦੇ ਪ੍ਰਧਾਨ ਰਾਜੇਂਦਰ ਸਿੰਗਲਾ ਅਤੇ ਸਕੱਤਰ ਸਾਧੂ ਰਾਮ ਕੁਸ਼ਲਾ ਆਦਿ ਮੌਜੂਦ ਸਨ |