ਤਲਵੰਡੀ ਸਾਬੋ, 14 ਅਪ੍ਰੈਲ (ਰਣਜੀਤ ਸਿੰਘ ਰਾਜੂ): ਪਿਛਲੇ ਦਿਨੀਂ ਹੀ ਭਾਰਤੀ ਜਨਤਾ ਪਾਰਟੀ 'ਚ ਸ਼ਾਮਿਲ ਹੋਏ ਦੇਸ਼ ਦੇ ਨਾਮੀ ਵਕੀਲ ਤੇ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਨੇਤਾ ਰਹਿ ਚੁੱਕੇ ਐੱਚ.ਐੱਸ. ਫੂਲਕਾ ਦੀ ਅਗਵਾਈ ਹੇਠ ਅੱਜ ਭਾਜਪਾ ਦੇ ਲੀਡਰਾਂ ਨੇ ਵਿਸਾਖੀ ਜੋੜ ਮੇਲੇ ਦੌਰਾਨ ਸਿੱਖ ਕੌਮ ਦੇ ਚੌਥੇ ਤਖ਼ਤ, ਤਖ਼ਤ ਸ੍ਰੀ ਦਮਦਮਾ ਸਾਹਿਬ ਮੱਥਾ ਟੇਕਿਆ | ਦਮਦਮਾ ਸਾਹਿਬ ਪੁੱਜਣ 'ਤੇ ਭਾਜਪਾ ਜ਼ਿਲ੍ਹਾ ਬਠਿੰਡਾ ਦਿਹਾਤੀ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਅਤੇ ਲੋਕ ਸਭਾ ਚੋਣ ਲੜ ਚੁੱਕੇ ਸੇਵਾਮੁਕਤ ਆਈ.ਏ.ਐੱਸ ਬੀਬਾ ਪਰਮਪਾਲ ਕੌਰ ਸਿੱਧੂ ਨੇ ਫੂਲਕਾ ਤੇ ਹੋਰਨਾਂ ਆਗੂਆਂ ਨੂੰ ਜੀ ਆਇਆਂ ਆਖਿਆ | ਇਸ ਮੌਕੇ ਫੂਲਕਾ ਅਤੇ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਸਮੇਤ ਭਾਜਪਾ ਆਗੂਆਂ ਨੇ ਤਖ਼ਤ ਸਾਹਿਬ ਮੱਥਾ ਟੇਕਿਆ ਅਤੇ ਕੁਝ ਸਮਾਂ ਕੀਰਤਨ ਸ੍ਰਵਣ ਕੀਤਾ | ਮੱਥਾ ਟੇਕਣ ਉਪਰੰਤ ਗੱਲਬਾਤ ਕਰਦਿਆਂ ਫੂਲਕਾ ਨੇ ਜਿੱਥੇ ਸਮੁੱਚੀ ਸਿੱਖ ਕੌਮ ਨੂੰ ਖ਼ਾਲਸਾ ਸਾਜਨਾ ਦਿਵਸ ਦੀਆਂ ਵਧਾਈਆਂ ਦਿੱਤੀਆਂ | ਉੱਥੇ ਕਿਹਾ ਕਿ ਜਦੋਂ ਸਾਡੇ ਦੇਸ਼ ਵਿਚ ਪੱਛਮ ਤੋਂ ਹਮਲਾਵਰ ਆ ਕੇ ਲੁੱਟ ਖਸੁੱਟ ਕਰਕੇ ਚਲੇ ਜਾਂਦੇ ਸਨ ਤਾਂ ਉਨ੍ਹਾਂ ਨਾਲ ਟਾਕਰੇ ਲਈ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 'ਚ ਖ਼ਾਲਸੇ ਦੀ ਸਾਜਨਾ ਕੀਤੀ, ਜਿਸ ਖ਼ਾਲਸੇ ਨੇ ਨਾ ਕੇਵਲ ਹਮਲਾਵਰਾਂ ਨੂੰ ਰੋਕਿਆ, ਸਗੋਂ ਸਮਾਂ ਆਉਣ 'ਤੇ ਅਫ਼ਗ਼ਾਨਿਸਤਾਨ ਤੱਕ ਖ਼ਾਲਸਾ ਰਾਜ ਸਥਾਪਿਤ ਕੀਤਾ | ਉਨ੍ਹਾਂ ਕਿਹਾ ਕਿ ਅੱਜ ਖ਼ਾਲਸਾ ਸਾਜਨਾ ਦਿਵਸ ਮੌਕੇ ਦਮਦਮਾ ਸਾਹਿਬ ਨਤਮਸਤਕ ਹੋ ਕੇ ਉਨ੍ਹਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ | ਉੱਧਰ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਤਖ਼ਤ ਸਾਹਿਬ ਨਤਮਸਤਕ ਹੋ ਕੇ ਅੱਜ ਸਾਨੂੰ ਆਤਮਿਕ ਤੌਰ 'ਤੇ ਆਨੰਦ ਦੀ ਪ੍ਰਾਪਤੀ ਹੋਈ ਹੈ | ਭਾਜਪਾ ਵਫ਼ਦ ਵਿਚ ਸਰੂਪ ਚੰਦ ਸਿੰਗਲਾ ਤੇ ਜਗਦੀਪ ਸਿੰਘ ਨਕੱਈ ਦੋਵੇਂ ਸਾਬਕਾ ਸੰਸਦੀ ਸਕੱਤਰ, ਮੰਗਤ ਰਾਏ ਬਾਂਸਲ ਸਾਬਕਾ ਵਿਧਾਇਕ, ਜਥੇਦਾਰ ਚਰਨਜੀਤ ਸਿੰਘ ਕਾਲੇਵਾਲ ਮੈਂਬਰ ਸ਼੍ਰੋਮਣੀ ਕਮੇਟੀ, ਦਿਆਲ ਦਾਸ ਸੋਢੀ, ਬਿਕਰਮਜੀਤ ਸਿੰਘ ਚੀਮਾ, ਕੰਵਰਬੀਰ ਸਿੰਘ ਟੌਹੜਾ ਅਤੇ ਜਗਦੀਪ ਸਿੰਘ ਬਰਾੜ ਆਦਿ ਮੌਜੂਦ ਸਨ |