ਬਠਿੰਡਾ, 14 ਅਪ੍ਰੈਲ (ਪ.ਪ.)-ਪੰਜਾਬ ਅੰਦਰ ਕਣਕ ਦੀ ਖ਼ਰੀਦ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ 16 ਅਪ੍ਰੈਲ ਨੂੰ ਸੂਬੇ ਭਰ ਵਿਚ ਜ਼ਿਲ੍ਹਾ ਮੁੱਖ ਦਫ਼ਤਰਾਂ ਮੂਹਰੇ ਗੱਜਣ ਦਾ ਐਲਾਨ ਕੀਤਾ ਹੈ, ਜਿਸ ਦੌਰਾਨ ਡਿਪਟੀ ਕਮਿਸ਼ਨਰ ਦਫ਼ਤਰਾਂ ਅੱਗੇ ਧਰਨੇ ਦਿੱਤੇ ਜਾਣਗੇ | ਇਸ ਸੰਬੰਧੀ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੀਨੀਅਰ ਉੱਪ-ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਜਾਰੀ ਬਿਆਨ 'ਚ ਕਿਹਾ ਕਿ ਇਸ ਸਾਲ ਭਾਰੀ ਮੀਂਹ, ਝੱਖੜ ਤੇ ਹਨੇਰੀ ਕਾਰਨ ਕਣਕ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਇਆ ਹੈ ਤੇ ਜੋ ਕਣਕ ਹੁਣ ਦਾਣਾ ਮੰਡੀਆਂ ਵਿਚ ਆ ਰਹੀ ਹੈ, ਉਸ ਦੀ ਗੁਣਵੱਤਾ ਨੂੰ ਲੈ ਕੇ ਕੇਂਦਰ ਸਰਕਾਰ ਵਲੋਂ ਸਖ਼ਤ ਸ਼ਰਤਾਂ ਲਗਾਉਣ ਕਰਕੇ ਸੂਬੇ ਦੀਆਂ ਖ਼ਰੀਦ ਏਜੰਸੀਆਂ ਕਣਕ ਦੀ ਖ਼ਰੀਦ ਕਰਨ ਤੋਂ ਹੱਥ ਪਿੱਛੇ ਖਿੱਚ ਰਹੀਆਂ ਹਨ | ਇਸ ਮਸਲੇ ਉੱਪਰ ਪੰਜਾਬ ਸਰਕਾਰ ਨੇ ਵੀ ਪੂਰੀ ਤਰ੍ਹਾਂ ਚੁੱਪ ਧਾਰੀ ਹੋਈ ਹੈ ਤੇ ਦਾਣਾ ਮੰਡੀਆਂ 'ਚ ਕਣਕ ਦੇ ਅੰਬਾਰ ਲੱਗ ਗਏ ਹਨ ਤੇ ਕਿਸਾਨ ਖੱਜਲ-ਖੁਆਰ ਹੋ ਰਹੇ ਹਨ | ਉਨ੍ਹਾਂ ਕਿਹਾ ਕਿ ਕੁਦਰਤ ਦੀ ਕਰੋਪੀ ਕਾਰਨ ਕਣਕ ਦੇ ਦਾਣੇ ਕੁਝ ਨੁਕਸਾਨੇ ਗਏ ਹਨ, ਜਿਸ ਦੇ ਚੱਲਦਿਆਂ ਸਰਕਾਰ ਨੂੰ ਸ਼ਰਤਾਂ ਸਖ਼ਤ ਕਰਨ ਦੀ ਬਜਾਏ ਕੁਝ ਨਰਮ ਕਰਕੇ ਕਿਸਾਨਾਂ ਨੂੰ ਰਾਹਤ ਦੇਣੀ ਚਾਹੀਦੀ ਸੀ ਪਰ ਕੀਤਾ ਇਸ ਦੇ ਉਲਟ ਜਾ ਰਿਹਾ ਹੈ | ਅਜਿਹਾ ਕਰਕੇ ਕਿਸਾਨਾਂ ਨੂੰ ਮੰਡੀਆਂ ਵਿਚ ਰੋਲ ਕੇ ਉਨ੍ਹਾਂ ਦੀਆਂ ਜ਼ਮੀਨਾਂ ਖੋਹਣ ਦਾ ਰਾਹ ਪੱਧਰਾ ਕੀਤਾ ਜਾ ਰਿਹਾ, ਜੋ ਕਦੇ ਨਹੀਂ ਹੋਣ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਕਣਕ ਦੀ ਖ਼ਰੀਦ 'ਤੇ ਲਗਾਈਆਂ ਬੇਲੋੜੀਆਂ ਸ਼ਰਤਾਂ ਨੂੰ ਖ਼ਤਮ ਕਰਕੇ ਤੁਰੰਤ ਸਾਰੀ ਕਣਕ ਦੀ ਖ਼ਰੀਦ ਪੂਰੇ ਸਰਕਾਰੀ ਭਾਅ 'ਤੇ ਸ਼ੁਰੂ ਕਰਵਾਉਣ ਲਈ ਉਨ੍ਹਾਂ ਦੀ ਜਥੇਬੰਦੀ ਵਲੋਂ 16 ਅਪ੍ਰੈਲ ਨੂੰ ਪੰਜਾਬ ਭਰ 'ਚ ਡਿਪਟੀ ਕਮਿਸ਼ਨਰ ਦਫ਼ਤਰਾਂ ਮੂਹਰੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤੇ ਜਾਣਗੇ | ਉਨ੍ਹਾਂ ਫ਼ਸਲਾਂ ਅਤੇ ਜ਼ਮੀਨਾਂ ਬਚਾਉਣ ਲਈ ਕਿਸਾਨਾਂ-ਮਜ਼ਦੂਰਾਂ ਨੂੰ ਇਨ੍ਹਾਂ ਧਰਨਿਆਂ 'ਚ ਵਹੀਰਾਂ ਘੱਤ ਕੇ ਪੁੱਜਣ ਦਾ ਸੱਦਾ ਦਿੱਤਾ | ਜ਼ਿਕਰਯੋਗ ਹੈ ਕਿ ਮੀਂਹ ਤੇ ਗੜੇਮਾਰੀ ਨਾਲ ਪ੍ਰਭਾਵਿਤ ਕਣਕ ਦੀ ਗੁਣਵੱਤਾ ਨੂੰ ਲੈ ਕੇ ਕੇਂਦਰੀ ਜਾਂਚ ਟੀਮਾਂ ਦਾਣਾ ਮੰਡੀਆਂ 'ਚ ਪੁੱਜ ਕੇ ਜਾਂਚ ਕਰ ਰਹੀਆਂ ਹਨ ਤੇ ਕਣਕ ਦੇ ਨਮੂਨੇ ਭਰੇ ਜਾ ਰਹੇ ਹਨ, ਜਿਸ ਕਾਰਨ ਖ਼ਰੀਦ ਦੇ ਕੰਮ ਨੂੰ ਬਰੇਕਾਂ ਲੱਗੀਆਂ ਹੋਈਆਂ ਹਨ | ਪੰਜਾਬ ਦੀਆਂ ਖ਼ਰੀਦ ਏਜੰਸੀਆਂ ਕੇਂਦਰ ਸਰਕਾਰ ਵਲੋਂ ਸ਼ਰਤਾਂ ਨਰਮ ਕਰਨ ਤੇ ਅਗਲੇ ਰਾਹਤ ਭਰੇ ਫ਼ੈਸਲੇ ਦੀ ਉਡੀਕ 'ਚ ਹਨ ਪਰ ਕਿਸਾਨ ਮੰਡੀਆਂ 'ਚ ਖੱਜਲ ਹੋ ਰਹੇ ਹਨ |