ਸੰਗਤ ਮੰਡੀ, 20 ਅਪ੍ਰੈਲ (ਅੰਮਿ੍ਤਪਾਲ ਸ਼ਰਮਾ)-ਬੀਤੇ ਦਿਨ ਪਿੰਡ ਮਹਿਤਾ ਵਿਖੇ ਹੋਏ ਕਤਲ 'ਚ ਸ਼ਾਮਿਲ ਔਰਤ ਸਮੇਤ 3 ਵਿਅਕਤੀਆਂ ਨੂੰ ਥਾਣਾ ਸੰਗਤ ਦੀ ਪੁਲਿਸ ਵਲੋਂ ਗਿ੍ਫ਼ਤਾਰ ਕਰ ਲਿਆ ਗਿਆ ਹੈ, ਜਦੋਂ ਕਿ ਚੌਥੇ ਦੀ ਭਾਲ ਜਾਰੀ ਹੈ | ਥਾਣਾ ਸੰਗਤ ਦੇ ਮੁਖੀ ਇੰਸਪੈਕਟਰ ਸੁਖਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਨਿੱਜੀ ਰੰਜ਼ਿਸ ਤਹਿਤ ਪਿੰਡ ਮਹਿਤਾ ਵਿਖੇ ਹੋਏ ਮਲਕੀਤ ਸਿੰਘ ਪੁੱਤਰ ਗੋਲੂ ਸਿੰਘ ਦੇ ਕਤਲ ਕਾਰਨ ਪਿੰਡ ਦੇ ਹੀ ਚਾਰ ਵਿਅਕਤੀਆਂ ਵਿਰੁੱਧ ਕਤਲ ਦਾ ਮਾਮਲਾ ਦਰਜ ਹੋਇਆ ਸੀ | ਜਿਸ ਤਹਿਤ ਜ਼ਿਲ੍ਹਾ ਪੁਲਿਸ ਮੁਖੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਦੋਸ਼ੀਆਂ ਨੂੰ ਫੜਨ ਲਈ ਥਾਣਾ ਸੰਗਤ ਪੁਲਿਸ ਵਲੋਂ ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਸੀ | ਇਸ ਤਹਿਤ ਪੁਲਿਸ ਵਲੋਂ 24 ਘੰਟਿਆਂ ਦੇ ਅੰਦਰ-ਅੰਦਰ ਤਿੰਨ ਦੋਸ਼ੀ ਕੌਰ ਸਿੰਘ ਪੁੱਤਰ ਹਰਨੇਕ ਸਿੰਘ, ਬਲਵੀਰ ਸਿੰਘ ਉਰਫ਼ ਗੋਪੀ ਪੁੱਤਰ ਕੌਰ ਸਿੰਘ ਅਤੇ ਕਰਮਜੀਤ ਕੌਰ ਪਤਨੀ ਕੌਰ ਸਿੰਘ ਵਾਸੀ ਮਹਿਤਾ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ, ਜਦੋਂ ਕਿ ਚੌਥੇ ਦੋਸ਼ੀ ਲਖਵੀਰ ਸਿੰਘ ਪੁੱਤਰ ਕੌਰ ਸਿੰਘ ਦੀ ਤਲਾਸ਼ 'ਚ ਛਾਪੇਮਾਰੀ ਕੀਤੀ ਜਾ ਰਹੀ, ਜਿਸ ਨੂੰ ਜਲਦੀ ਹੀ ਗਿ੍ਫ਼ਤਾਰ ਕਰ ਲਿਆ ਜਾਵੇਗਾ | ਉਨ੍ਹਾਂ ਦੱਸਿਆ ਉਕਤ ਗਿ੍ਫ਼ਤਾਰ ਕੀਤੇ ਵਿਅਕਤੀਆਂ ਨੂੰ ਹਵਾਲਾਤ 'ਚ ਬੰਦ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ |