ਗੋਨਿਆਣਾ, 20 ਅਪ੍ਰੈਲ (ਲਛਮਣ ਦਾਸ ਗਰਗ)-ਗੋਨਿਆਣਾ ਮੰਡੀ ਵਿਚ ਚੱਲ ਰਹੇ ਵਿਕਾਸ ਕੰਮ ਸ਼ਹਿਰ ਨਿਵਾਸੀਆਂ ਦੀ ਸਹੂਲਤ ਦੀ ਬਜਾਏ ਲੋਕਾਂ ਲਈ ਸਿਰਦਰਦ ਬਣਦੇ ਨਜ਼ਰ ਆ ਰਹੇ ਹਨ, ਕਿਉਂਕਿ ਠੇਕੇਦਾਰਾਂ ਵਲੋਂ ਸ਼ਹਿਰ ਵਿਚ ਥਾਂ-ਥਾਂ ਗਲੀਆਂ ਪੁੱਟ ਕੇ ਨਾ ਸਿਰਫ਼ ਆਵਾਜਾਈ 'ਚ ਦਿੱਕਤ ਹੀ ਪੈਦਾ ਨਹੀਂ ਕੀਤੀ, ਸਗੋਂ ਪਹਿਲਾਂ ਤੋਂ ਠੀਕ-ਠਾਕ ਗਲੀਆਂ ਜਾਂ ਸੜਕਾਂ ਦੀਆਂ ਇੰਟਰਲੌਕ ਟਾਈਲਾਂ ਬਿਨ੍ਹਾਂ ਲੋੜ ਦੇ ਉਖਾੜ ਕੇ ਨਵਾਂ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ | ਇਹ ਸਾਰਾ ਖੇਡ ਸਿਰਫ਼ ਬਿੱਲ ਬਣਾਉਣ ਅਤੇ ਸਰਕਾਰੀ ਪੈਸੇ ਦੀ ਲੁੱਟ ਲਈ ਕੀਤਾ ਜਾ ਰਿਹਾ ਹੈ | ਹੈਰਾਨੀ ਦੀ ਗੱਲ ਇਹ ਹੈ ਕਿ ਜਿੱਥੇ ਠੇਕੇਦਾਰ ਦਾ ਕੰਮ ਹਾਲੇ ਅਧੂਰਾ ਪਿਆ ਹੈ ਅਤੇ ਗਲੀਆਂ ਸੜਕਾਂ ਵਿਚ ਇੰਟਰਲੌਕ ਟਾਇਲਾਂ ਲੱਗਣ ਤੋਂ ਬਾਅਦ ਉੱਪਰ ਮਟੀਰੀਅਲ ਪੈਣਾ ਵੀ ਬਾਕੀ ਹੈ ਅਤੇ ਮਲਵਾ ਚੁਕਵਾਉਣ ਵਾਲਾ ਬਾਕੀ ਪਿਆ ਹੈ, ਉੱਥੇ ਹੀ ਠੇਕੇਦਾਰ ਜਲਦਬਾਜ਼ੀ ਵਿਚ ਫੀਤਾ ਲਗਾ ਕੇ ਆਪਣੀਆਂ ਰਕਮਾਂ ਕਢਵਾਉਣ ਦੇ ਜੁਗਾੜ 'ਚ ਲੱਗਾ ਹੋਇਆ ਹੈ | ਸੰਬੰਧਿਤ ਵਸਨੀਕਾਂ ਦਾ ਕਹਿਣਾ ਹੈ ਕਿ ਉਕਤ ਮਲਬੇ ਕੋਲ ਅਨੇਕਾਂ ਸੜਕ ਹਾਦਸੇ ਹੋ ਚੁੱਕੇ ਹਨ | ਅੱਜ ਸਵੇਰੇ ਵੀ ਲੋਕਾਂ ਅਤੇ ਠੇਕੇਦਾਰ ਵਿਚਕਾਰ ਤੂੰ-ਤੂੰ ਮੈਂ-ਮੈਂ ਹੋਈ, ਜਿਸ ਤੋਂ ਬਾਅਦ ਠੇਕੇਦਾਰ ਨੇ ਮਲਬਾ ਚੁਕਵਾਉਣ ਦਾ ਭਰੋਸਾ ਦਿੱਤਾ, ਹਾਲਾਂਕਿ ਪਹਿਲਾਂ ਉਹ ਇਸ ਨੂੰ ਆਪਣੀ ਜ਼ਿੰਮੇਵਾਰੀ ਮੰਨਣ ਤੋਂ ਇਨਕਾਰ ਕਰਦਾ ਰਿਹਾ | ਨਗਰ ਕੌਂਸਲ ਦੀ ਕਾਰਗੁਜ਼ਾਰੀ 'ਤੇ ਵੀ ਲੋਕਾਂ ਨੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ ਅਤੇ ਖੱੁਲ੍ਹੇਆਮ ਕਿਹਾ ਹੈ ਕਿ ਜੇਕਰ ਕਿਸੇ ਨਿਰਪੱਖ ਏਜੰਸੀ ਤੋਂ ਜਾਂਚ ਕਰਵਾਈ ਜਾਵੇ ਤਾਂ ਇੱਥੇ ਇਕ ਨਹੀਂ ਕਈ ਵੱਡੇ ਘਪਲੇ ਸਾਹਮਣੇ ਆ ਸਕਦੇ ਹਨ | ਲੋਕਾਂ ਦਾ ਦੋਸ਼ ਹੈ ਕਿ ਕੌਂਸਲਰਾਂ ਦੀ ਮਿਆਦ ਖ਼ਤਮ ਹੋਣ ਤੋਂ ਥੋੜ੍ਹੇ ਸਮੇਂ ਪਹਿਲਾਂ ਹੀ ਇਹ ਕੰਮ ਦਬਾ-ਦਬਾ ਕੇ ਸ਼ੁਰੂ ਕੀਤੇ ਗਏ ਤਾਂ ਜੋ ਜਲਦੀ-ਜਲਦੀ ਬਿੱਲ ਪਾਸ ਕਰਵਾਏ ਜਾ ਸਕਣ | ਇਕ ਵਸਨੀਕ ਨੇ ਦਰਦ ਸਾਂਝਾ ਕਰਦਿਆਂ ਕਿਹਾ ਕਿ ਸਾਡੇ ਘਰ ਵਿਆਹ ਹੈ ਪਰ ਗਲੀ ਵਿਚ ਪਿਆ ਮਲਬਾ ਅਜੇ ਤੱਕ ਨਹੀਂ ਚੁੱਕਿਆ ਗਿਆ' ਇਕ ਕੌਂਸਲਰ ਨੇ ਵੀ ਮੰਨਿਆ ਕਿ ਡੇਢ-ਦੋ ਮਹੀਨੇ ਤੋਂ ਸੜਕ ਪੁੱਟੀ ਪਈ ਹੈ ਪਰ ਇੰਟਰਲੌਕ ਲਗਾਉਣ ਦਾ ਕੰਮ ਹਾਲੇ ਤੱਕ ਮੁਕੰਮਲ ਨਹੀਂ ਹੋਇਆ ਅਤੇ ਠੇਕੇਦਾਰ ਲੇਬਰ ਦੀ ਕਮੀ ਦੇ ਬਹਾਨੇ ਬਣਾ ਰਿਹਾ ਹੈ | ਲੋਕਾਂ ਨੇ ਕਾਰਜ ਸਾਧਕ ਅਧਿਕਾਰੀ ਅਤੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜਦ ਤੱਕ ਕੰਮ ਪੂਰੀ ਤਰ੍ਹਾਂ ਮੁਕੰਮਲ ਅਤੇ ਜਾਂਚਿਆ ਨਹੀਂ ਜਾਂਦਾ, ਠੇਕੇਦਾਰਾਂ ਨੂੰ ਕੋਈ ਭੁਗਤਾਨ ਨਾ ਕੀਤਾ ਜਾਵੇ |