ਸੀਂਗੋ ਮੰਡੀ, 5 ਮਈ (ਲਕਵਿੰਦਰ ਸ਼ਰਮਾ)- ਸਥਾਨਕ ਕਸਬੇ ਵਿਚ ਨੌਜਵਾਨ ਨੇ ਪਿਛਲੀ ਰੰਜਿਸ਼ ਨੂੰ ਲੈ ਕੇ ਆਪਣੀ ਬੋਲੈਰੋ ਗੱਡੀ ਜਾਣਬੁੱਝ ਕੇ ਇਲੈਕਟਿ੍ਕ ਸਕੂਟਰੀ 'ਤੇ ਚੜ੍ਹਾ ਕੇ ਇਕ ਦਾ ਕਤਲ ਅਤੇ ਦੋ ਲੋਕ ਜ਼ਖ਼ਮੀ ਕਰ ਦਿੱਤੇ ਹਨ, ਜਿਸ 'ਤੇ ਸਥਾਨਕ ਕਸਬੇ ਦੀ ਪੁਲਿਸ ਨੇ ਨੌਜਵਾਨ ਦੇ ਕਤਲ ਸਮੇਤ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਮਹਿਜ਼ ਕੁਝ ਘੰਟਿਆਂ ਵਿਚ ਹੀ ਕਥਿਤ ਦੋਸ਼ੀ ਗੁਲਾਬ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ ਹੈ¢ ਮਿ੍ਤਕ ਦੇ ਲੜਕੇ ਗੁਰਜਿੰਦਰ ਸਿੰਘ ਵਾਸੀ ਬਹਿਮਣ ਕੌਰ ਸਿੰਘ ਨੇ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿਚ ਦੱਸਿਆ ਕਿ ਉਸ ਦਾ ਪਿਤਾ ਜੰਟਾ ਸਿੰਘ ਸੀਂਗੋ ਮੰਡੀ ਦੇ ਡੋਗਰ ਸਿੰਘ ਨਾਲ ਸੀਰੀ ਲੱਗਿਆ ਹੋਇਆ ਸੀ, ਜੋ ਕਿ ਆਪਣੇ ਕੰਮ ਕਾਜ ਤੋਂ ਵਿਹਲਾ ਹੋ ਕੇ ਪੇਰੋਂ ਰੋਡ 'ਤੇ ਡੋਗਰ ਸਿੰਘ ਅਤੇ ਸੁਖਦੇਵ ਸਿੰਘ ਕੋਲ ਇਲੈਕਟਿ੍ਕ ਸਕੂਟਰੀ ਉੱਤੇ ਬੈਠੇ ਸਨ ਤੇ ਮੇਰਾ ਪਿਤਾ ਜੰਟਾ ਸਿੰਘ ਖੜ੍ਹਾ ਸੀ ਨਾਲ ਗੱਲਾਂ ਬਾਤਾਂ ਕਰ ਰਿਹਾ ਸੀ ਤਾਂ ਪਿੱਛੋਂ ਤੋਂ ਗੁਲਾਬ ਸਿੰਘ ਨੇ ਬੋਲੈਰੋ ਕੈਂਪਰ ਨੂੰ ਤੇਜ ਗਤੀ ਨਾਲ ਜਾਣ ਬੁੱਝ ਕੇ ਸਕੂਟਰੀ ਸਵਾਰ 'ਤੇ ਕੋਲ ਖੜ੍ਹੇ ਡੋਗਰ ਨੂੰ ਟੱਕਰ ਮਾਰੀ ਜਿਸ 'ਤੇ ਮੇਰੇ ਪਿਤਾ ਜੰਟਾ ਸਿੰਘ ਟੱਕਰ ਵੱਜਣ ਕਰਕੇ ਉਥੇ ਹੀ ਡਿੱਗ ਪਿਆ ਤੇ ਸੁਖਦੇਵ ਸਿੰਘ ਤੇ ਡੋਗਰ ਸਿੰਘ ਬੋਲੈਰੋ ਗੱਡੀ ਦੇ ਟਾਇਰ ਵਿਚ ਉਲਝ ਗਏ ਇਥੇ ਹੀ ਬੱਸ ਨਹੀਂ ਉਸ ਬੋਲੈਰੋ ਗੱਡੀ ਨੇ ਸਾਹਮਣੇ ਤੋਂ ਆ ਰਹੇ ਇਕ ਮੋਟਰ-ਸਾਈਕਲ ਨੂੰ ਵੀ ਟੱਕਰ ਮਾਰ ਦਿੱਤੀ ਜਿਸ ਵਿਚ ਉਹ ਵੀ ਜ਼ਖਮੀ ਹੋ ਗਿਆ | ਇਸ ਘਟਨਾ ਵਿਚ ਚਾਰ ਲੋਕ ਜ਼ਖ਼ਮੀ ਹੋਏ ਜਿਨ੍ਹਾਂ ਨੂੰ ਆਸ-ਪਾਸ ਦੇ ਲੋਕਾਂ ਨੇ ਤੁਰੰਤ ਹੀ ਮਾਨਸਾ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਜਿੱਥੇ ਕਿ ਜੰਟਾ ਸਿੰਘ ਵਾਸੀ ਬਹਿਮਣ ਕੌਰ ਸਿੰਘ ਦੀ ਮੌਤ ਹੋ ਗਈ ਅਤੇ ਡੋਗਰ ਸਿੰਘ ਤੇ ਸੁਖਦੇਵ ਸਿੰਘ ਇਲਾਜ ਅਧੀਨ ਹਨ | ਇਸ ਸਬੰਧੀ ਅਮਰੀਕ ਸਿੰਘ ਥਾਣਾ ਮੁਖੀ ਤਲਵੰਡੀ ਸਾਬੋ ਅਤੇ ਕੁਲਵਿੰਦਰ ਸਿੰਘ ਚੌਕੀ ਇੰਚਾਰਜ ਨੇ ਕਥਿਤ ਦੋਸ਼ੀ ਨੌਜਵਾਨ ਗੁਲਾਬ ਸਿੰਘ ਨੂੰ ਮਹਿਜ਼ ਕੁਝ ਘੰਟਿਆਂ ਵਿਚ ਗਿ੍ਫ਼ਤਾਰ ਕਰ ਲਿਆ | ਮੁੱਢਲੀ ਪੁੱਛਗਿੱਛ ਤੋਂ ਬਾਅਦ ਉਨ੍ਹਾਂ ਦੱਸਿਆ ਕਿ ਗੁਲਾਬ ਸਿੰਘ ਪੁੱਤਰ ਜੰਟਾ ਸਿੰਘ ਵਾਸੀ ਸੀਂਗੋ ਦੀ ਪੁਰਾਣੀ ਰੰਜਸ ਡੋਗਰ ਸਿੰਘ ਨਾਲ ਚੱਲ ਰਹੀ ਸੀ, ਜੋ ਡੋਗਰ ਸਿੰਘ ਨੂੰ ਮਾਰਨਾ ਚਾਹੁੰਦਾ ਸੀ, ਜਿਸ ਕਰਕੇ ਗੁਲਾਬ ਸਿੰਘ ਪੁੱਤਰ ਜੰਟਾ ਸਿੰਘ ਨੇ ਗੱਡੀ ਜਾਣ-ਬੁੱਝ ਕੇ ਡੋਗਰ ਸਿੰਘ ਨੂੰ ਮਾਰਨ ਲਈ ਟੱਕਰ ਮਾਰੀ ਸੀ | ਡੋਗਰ ਸਿੰਘ ਅਤੇ ਸੁਖਦੇਵ ਸਿੰਘ ਦੇ ਗੰਭੀਰ ਸੱਟਾਂ ਹਨ ਤੇ ਇਲੈਕਟਿ੍ਕ ਸਕੂਟਰੀ ਦਾ ਵੀ ਨੁਕਸਾਨ ਹੋਇਆ ਹੈ, ਜਿਸ ਕਰਕੇ ਗੁਲਾਬ ਸਿੰਘ ਪੁੱਤਰ ਜੰਟਾ ਸਿੰਘ ਵਾਸੀ ਸੀਂਗੋ 'ਤੇ ਕਾਰਵਾਈ ਕਰਦਿਆਂ ਕਤਲ ਸਮੇਤ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕਰ ਦਿੱਤੀ ਹੈ |