ਬਠਿੰਡਾ, 27 ਮਈ (ਸੱਤਪਾਲ ਸਿੰਘ ਸਿਵੀਆਂ)-ਪੰਜਾਬ ਵਿਚ ਬੀਤੇ ਕੱਲ੍ਹ ਹੋਈਆਂ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਤੋਂ ਬਾਅਦ ਉਮੀਦਵਾਰਾਂ ਦੀ ਕਿਸਮਤ ਮਤ ਪੇਟੀਆਂ (ਵੋਟ ਬਕਸਿਆਂ) ਵਿਚ ਬੰਦ ਹੋ ਚੁੱਕੀ ਹੈ। ਵੋਟਾਂ ਦਾ ਕੰਮ ਨਿੱਬੜਨ ਤੋਂ ਬਾਅਦ ਹੁਣ ਸਿਆਸੀ ਪਾਰਟੀਆਂ ਅਤੇ ਉਮੀਦਵਾਰਾਂ ਦੀਆਂ ਨਜ਼ਰਾਂ ਕੱਲ੍ਹ 29 ਮਈ ਨੂੰ ਹੋਣ ਵਾਲੀ ਗਿਣਤੀ (ਨਤੀਜੇ) ‘ਤੇ ਟਿਕੀਆਂ ਹੋਈਆਂ ਹਨ, ਜਿਸ ਨੂੰ ਲੈ ਕੇ ਉਨ੍ਹਾਂ ਦੇ ਦਿਲਾਂ ਦੀਆਂ ਧੜਕਣਾਂ ਤੇਜ਼ ਹੋਈਆਂ ਹਨ। ਵੋਟ ਬਕਸਿਆਂ ਨੂੰ ਵੱਖ-ਵੱਖ ਥਾਵਾਂ ‘ਤੇ ਬਣਾਏ ਗਏ ਸਟਰਾਂਗ ਰੂਮਾਂ ਵਿਚ ਪੁਲਿਸ ਦੇ ਸਖ਼ਤ ਪਹਿਰੇ ਹੇਠ ਰੱਖਿਆ ਗਿਆ, ਪਰ ਫੇਰ ਵੀ ਕਿਸੇ ਸੰਭਾਵੀਂ ਗੜਬੜ ਨੂੰ ਦੇਖਦਿਆਂ ਇਨ੍ਹਾਂ ਸਟਰਾਂਗ ਰੂਮਾਂ ਦੇ ਬਾਹਰ ਵਿਰੋਧੀ ਧਿਰਾਂ ਦੇ ਉਮੀਦਵਾਰਾਂ ਸਮੇਤ ਵਰਕਰਾਂ ਵਲੋਂ ਆਪਣੇ ਪੱਧਰ ‘ਤੇ ਪਹਿਰਾ ਦਿੱਤਾ ਜਾ ਰਿਹਾ ਹੈ। ਪੰਜਾਬ ਦੀਆਂ 103 ਸ਼ਹਿਰੀ ਸਥਾਨਕ ਸੰਸਥਾਵਾਂ ਅਤੇ 1896 ਤੋਂ ਵੱਧ ਵਾਰਡਾਂ ‘ਚ ਹੋਈਆਂ ਇਨ੍ਹਾਂ ਚੋਣਾਂ ਵਿਚ ਕੁੱਲ 7555 ਉਮੀਦਵਾਰ ਮੈਦਾਨ ‘ਚ ਉੱਤਰੇ ਸਨ, ਜਿੰਨਾਂ ‘ਚ ਸਭ ਤੋਂ ਵੱਧ ਸੂਬੇ ਦੀ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ (ਆਪ) ਦੇ 1801 ਅਤੇ ਵਿਰੋਧੀ ਧਿਰਾਂ ਕਾਂਗਰਸ ਦੇ 1550, ਭਾਜਪਾ ਦੇ 1316 ਅਤੇ ਸ਼੍ਰੋਮਣੀ ਅਕਾਲੀ ਦਲ ਦੇ 1251 ਉਮੀਦਵਾਰਾਂ ਤੋਂ ਇਲਾਵਾ 1528 ਆਜ਼ਾਦ ਉਮੀਦਵਾਰ ਸ਼ਾਮਲ ਹਨ, ਜਿਨ੍ਹਾਂ ਦੀ ਕਿਸਮਤ ਦਾ ਫ਼ੈਸਲਾ ਕਰਨ ਲਈ ਕੁਲ 22 ਲੱਖ 38 ਹਜ਼ਾਰ ਤੋਂ ਵੱਧ ਵੋਟਰਾਂ (63.94 ਫ਼ੀਸਦੀ) ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਹੈ। ਆਪਣੀ-ਆਪਣੀ ਜਿੱਤ ਲਈ ਅੱਡੀ-ਚੋਟੀ ਦਾ ਜੋਰ ਲਗਾ ਕੇ ਆਪਣੇ ਹੱਕ ‘ਚ ਵੋਟਾਂ ਭੁਗਤਾਉਣ ਵਾਲੇ ਉਮੀਦਵਾਰਾਂ ਦੀ ਧੜਕਣ ਹੁਣ ਮਤ ਪੇਟੀਆਂ ਦੇ ਖੁੱਲ੍ਹਣ ਨਾਲ ਜੁੜੀ ਹੋਈ ਹੈ, ਜਿਉਂ-ਜਿਉਂ ਨਤੀਜੇ ਦਾ ਸਮਾਂ ਨੇੜੇ ਆ ਰਿਹਾ, ਤਿਉਂ-ਤਿਉਂ ਉਮੀਦਵਾਰਾਂ ਦੇ ਦਿਲਾਂ ਦੀ ਧੜਕਣ ਤੇਜ਼ ਹੋ ਰਹੀ ਹੈ। ਉਮੀਦਵਾਰ ਆਪਣੀ-ਆਪਣੀ ਜਿੱਤ ਲਈ ਆਪਣੇ-ਆਪਣੇ ਪੀਰ-ਪੈਗੰਬਰ ਧਿਆ ਰਹੇ ਹਨ। ਇਹ ਚੋਣਾਂ ਕਿਸੇ ਲਈ ਸਿਆਸੀ ਚੜ੍ਹਤ ਦਾ ਰਾਹ ਖੋਲ੍ਹਣਗੀਆਂ ਤੇ ਕਿਸੇ ਲਈ ਵੱਡਾ ਝਟਕਾ ਸਾਬਤ ਹੋਣਗੀਆਂ। ਦੂਜੇ ਪਾਸੇ ਸੱਤਾਧਾਰੀ ਧਿਰ ‘ਆਪ’ ਅਤੇ ਵਿਰੋਧੀ ਧਿਰਾਂ ਕਾਂਗਰਸ, ਅਕਾਲੀ ਦਲ ਤੇ ਭਾਜਪਾ ਇੰਨ੍ਹਾਂ ਚੋਣਾਂ ਨੂੰ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਸੈਮੀਫਾਈਨਲ ਵਜੋਂ ਦੇਖ ਰਹੀਆਂ ਹਨ ਤੇ ਕੱਲ੍ਹ ਨੂੰ ਸਾਹਮਣੇ ਆਉਣ ਵਾਲੇ ਨਤੀਜੇ ਇੰਨ੍ਹਾਂ ਸਿਆਸੀ ਧਿਰਾਂ ਦੀ ਭਵਿੱਖ ਤੈਅ ਕਰਨਗੇ।