24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

'ਆਪ' ਦੇ ਪੁਰਾਣੇ ਵਰਕਰਾਂ 'ਚੋਂ ਹੀ ਨਗਰ ਕੌਂਸਲ ਪ੍ਰਧਾਨ ਬਣਾਉਣ ਦੀ ਉੱਠੀ ਮੰਗ

Ad Position 21
No active advertisement
ਅਜੀਤ ਡੈਸਕ 03-06-2026
ਰਾਮਾਂ ਮੰਡੀ, 2 ਜੂਨ (ਤਰਸੇਮ ਸਿੰਗਲਾ)-ਹਾਲ ਹੀ ਵਿਚ ਹੋਈਆਂ ਨਗਰ ਕੌਂਸਲ ਚੋਣਾਂ ਦੌਰਾਨ ਰਾਮਾਂ ਮੰਡੀ ਦੇ 15 ਵਾਰਡਾਂ ਵਿਚੋਂ ਆਮ ਆਦਮੀ ਪਾਰਟੀ ਦੇ 13 ਉਮੀਦਵਾਰਾਂ ਨੇ ਜਿੱਤ ਦਰਜ ਕਰਕੇ ਪਾਰਟੀ ਨੂੰ ਵੱਡੀ ਸਫ਼ਲਤਾ ਦਿਵਾਈ ਹੈ | ਹਾਲਾਂਕਿ, ਨਵੇਂ ਚੁਣੇ ਗਏ ਕੌਂਸਲਰਾਂ ਵਿਚੋਂ ਕਈ ਅਜਿਹੇ ਚਿਹਰੇ ਵੀ ਹਨ ਜੋ ਕੁਝ ਸਮਾਂ ਪਹਿਲਾਂ ਹੀ ਪਾਰਟੀ ਵਿਚ ਸ਼ਾਮਿਲ ਹੋਏ ਹਨ | ਭਰੋਸੇਯੋਗ ਸੂਤਰਾਂ ਅਨੁਸਾਰ, ਜਿੱਤੇ ਹੋਏ ਕੌਂਸਲਰਾਂ ਵਿਚੋਂ ਪਾਰਟੀ ਦੇ ਲੰਬੇ ਸਮੇਂ ਤੋਂ ਸਰਗਰਮ ਅਤੇ ਵਫ਼ਾਦਾਰ ਵਰਕਰਾਂ ਦੀ ਗਿਣਤੀ ਸੀਮਤ ਹੈ, ਜਦਕਿ ਨਗਰ ਕੌਂਸਲ ਪ੍ਰਧਾਨਗੀ ਦੀ ਦੌੜ ਵਿਚ ਨਵੇਂ ਸ਼ਾਮਲ ਹੋਏ ਚਿਹਰੇ ਕਾਫ਼ੀ ਸਰਗਰਮ ਨਜ਼ਰ ਆ ਰਹੇ ਹਨ | ਦੱਸਿਆ ਜਾ ਰਿਹਾ ਹੈ ਕਿ ਕਈ ਦਾਅਵੇਦਾਰ ਆਪਣੀਆਂ ਦਾਅਵੇਦਾਰੀਆਂ ਹਲਕਾ ਵਿਧਾਇਕਾ ਪ੍ਰੋ: ਬਲਜਿੰਦਰ ਕੌਰ ਤੱਕ ਪਹੁੰਚਾਉਣ ਲਈ ਕੋਸ਼ਿਸ਼ਾਂ ਕਰ ਰਹੇ ਹਨ | ਦੂਜੇ ਪਾਸੇ, ਪਾਰਟੀ ਦੇ ਪੁਰਾਣੇ ਅਤੇ ਜ਼ਮੀਨੀ ਪੱਧਰ 'ਤੇ ਕੰਮ ਕਰਨ ਵਾਲੇ ਵਰਕਰਾਂ ਵਿਚ ਇਹ ਮੰਗ ਜ਼ੋਰ ਫੜ ਰਹੀ ਹੈ ਕਿ ਨਗਰ ਕੌਂਸਲ ਦਾ ਪ੍ਰਧਾਨ ਅਜਿਹੇ ਆਗੂ ਨੂੰ ਬਣਾਇਆ ਜਾਵੇ , ਜਿਸ ਨੇ ਲੰਬੇ ਸਮੇਂ ਤੱਕ ਪਾਰਟੀ ਲਈ ਕੰਮ ਕੀਤਾ ਹੋਵੇ | ਵਰਕਰਾਂ ਦਾ ਮੰਨਣਾ ਹੈ ਕਿ ਪਾਰਟੀ ਦੇ ਸੰਘਰਸ਼ਮਈ ਦੌਰ ਵਿਚ ਸਾਥ ਨਿਭਾਉਣ ਵਾਲੇ ਵਰਕਰਾਂ ਨੂੰ ਹੀ ਇਸ ਅਹਿਮ ਅਹੁੱਦੇ ਲਈ ਤਰਜੀਹ ਮਿਲਣੀ ਚਾਹੀਦੀ ਹੈ | ਰਾਜਨੀਤਿਕ ਮਾਹਿਰਾਂ ਦਾ ਮੰਨਣਾ ਹੈ ਕਿ ਰਾਮਾਂ ਮੰਡੀ ਨਗਰ ਕੌਂਸਲ ਪ੍ਰਧਾਨ ਦੀ ਚੋਣ ਵਿਚ ਹਲਕਾ ਵਿਧਾਇਕਾ ਦੀ ਭੂਮਿਕਾ ਅਹਿਮ ਰਹੇਗੀ, ਜਿਸ ਕਾਰਨ ਦਾਅਵੇਦਾਰਾਂ ਵਲੋਂ ਲਗਾਤਾਰ ਸਰਗਰਮੀਆਂ ਕੀਤੀਆਂ ਜਾ ਰਹੀਆਂ ਹਨ | ਸੂਤਰਾਂ ਮੁਤਾਬਕ, ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵਲੋਂ ਨਵੇਂ ਚੁਣੇ ਕੌਂਸਲਰਾਂ ਨਾਲ ਮੁਲਾਕਾਤ ਲਈ ਚੰਡੀਗੜ੍ਹ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਸੀ ਅਤੇ ਇਸ ਸੰਬੰਧੀ ਸੁਨੇਹੇ ਵੀ ਭੇਜੇ ਗਏ ਸਨ | ਹਾਲਾਂਕਿ, ਇਹ ਪ੍ਰੋਗਰਾਮ ਫ਼ਿਲਹਾਲ ਮੁਲਤਵੀ ਹੋਣ ਦੀ ਚਰਚਾ ਹੈ | ਹੁਣ ਪਾਰਟੀ ਹਾਈਕਮਾਨ ਵਲੋਂ ਆਉਣ ਵਾਲੇ ਦਿਨਾਂ 'ਚ ਕੋਈ ਨਵੀਂ ਰਣਨੀਤੀ ਅਪਣਾਏ ਜਾਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ, ਜਿਸ ਰਾਹੀਂ ਚੋਣ ਜਿੱਤਣ ਵਾਲੇ ਕੌਂਸਲਰਾਂ ਅਤੇ ਪੁਰਾਣੇ ਵਰਕਰਾਂ ਵਿਚਕਾਰ ਸੰਤੁਲਨ ਬਣਾਉਣ ਦੇ ਯਤਨ ਕੀਤੇ ਜਾ ਸਕਦੇ ਹਨ | ਸਿਆਸੀ ਹਲਕਿਆਂ ਦੀ ਨਜ਼ਰ ਹੁਣ ਇਸ ਗੱਲ 'ਤੇ ਟਿਕੀ ਹੋਈ ਹੈ ਕਿ ਰਾਮਾਂ ਮੰਡੀ ਨਗਰ ਕੌਂਸਲ ਦੀ ਪ੍ਰਧਾਨਗੀ ਦਾ ਤਾਜ ਕਿਸ ਦੇ ਸਿਰ ਸਜਦਾ ਹੈ ਅਤੇ ਪਾਰਟੀ ਪੁਰਾਣੇ ਵਰਕਰਾਂ ਜਾਂ ਨਵੇਂ ਚਿਹਰਿਆਂ ਵਿਚੋਂ ਕਿਸ ਨੂੰ ਤਰਜੀਹ ਦਿੰਦੀ ਹੈ |
Ad Position 22
No active advertisement
ਪਿਛਲੀ ਖ਼ਬਰ ਨਹਿਰ 'ਚ ਮੋਘਾ ਲੱਗਣ ਦਾ ਕੰਮ ਸ਼ੁਰੂ ਕਿਸਾਨਾਂ ਨੂੰ ਬੱਝੀ ਨਹਿਰੀ ਪਾਣੀ ਦੀ ਆਸ ਅਗਲੀ ਖ਼ਬਰ ਵਪਾਰਕ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਵਾਧਾ ਵਪਾਰੀਆਂ ਲਈ ਵੱਡਾ ਝਟਕਾ <br/>
Ad Position 24