ਮਹਿਰਾਜ/ਨਥਾਣਾ, 2 ਜੂਨ (ਸੁਖਪਾਲ ਮਹਿਰਾਜ, ਗੁਰਦਰਸ਼ਨ ਲੁੱਧੜ)-ਪੰਜ ਪਿੰਡਾਂ ਮਾੜੀ, ਭੈਣੀ, ਮਹਿਰਾਜ ਪੱਤੀ ਕਾਲਾ, ਨਥਾਣਾ ਅਤੇ ਕੋਠੇ ਹਿੰਮਤਪੁਰਾ (ਮਹਿਰਾਜ) ਦੀਆਂ ਜ਼ਮੀਨਾਂ ਨੂੰ ਨਹਿਰੀ ਪਾਣੀ ਮੁਹੱਈਆ ਕਰਵਾਉਣ ਲਈ ਸਿਧਾਣਾ ਵਿਖੇ ਬਠਿੰਡਾ ਬ੍ਰਾਂਚ ਵਿਚੋਂ ਮਨਜ਼ੂਰ ਹੋਏ ਮੋਘਾ ਨੰਬਰ 306790 ਆਰ ਦੇ ਕੰਮ ਨੂੰ ਅੰਤਿਮ ਪੜਾਅ 'ਤੇ ਪਹੁੰਚਦਾ ਦੇਖ ਕਿਸਾਨਾਂ ਨੂੰ ਨਹਿਰੀ ਪਾਣੀ ਮਿਲਣ ਦੀ ਆਸ ਹੋ ਗਈ ਹੈ | ਜਾਣਕਾਰੀ ਅਨੁਸਾਰ ਨਹਿਰੀ ਪਾਣੀ ਦੀ ਘਾਟ ਨੂੰ ਦੇਖਦਿਆਂ ਸਾਲ 2021 ਦੌਰਾਨ ਤੱਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਲਕੇ ਦੇ ਲੋਕਾਂ ਦੀ ਪੁਰਜ਼ੋਰ ਮੰਗ 'ਤੇ ਨਿੱਜੀ ਦਿਲਚਸਪੀ ਲੈਂਦਿਆਂ ਆਪਣੇ ਭਾਈਚਾਰੇ ਦੇ ਇਨ੍ਹਾਂ ਪਿੰਡਾਂ ਲਈ ਸਿੰਚਾਈ ਵਿਭਾਗ ਰਾਹੀਂ ਇਹ ਮੋਘਾ ਮਨਜ਼ੂਰ ਕਰਵਾਇਆ ਸੀ | ਇਸ ਪ੍ਰੋਜੈਕਟ ਤਹਿਤ ਅਪ੍ਰੈਲ 2022 ਵਿਚ ਪਾਇਪਾਂ ਪਾਉਣ ਦਾ ਕੰਮ ਸ਼ੁਰੂ ਹੋਇਆ ਸੀ, ਜਿਸ ਨੂੰ ਮੁਕੰਮਲ ਹੋਣ ਵਿਚ ਕਰੀਬ ਚਾਰ ਸਾਲ ਦਾ ਸਮਾਂ ਲੱਗਿਆ | ਉਧਰ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਵੀ ਸਮੇਂ-ਸਮੇਂ 'ਤੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਤੋਂ ਪ੍ਰੋਜੈਕਟ ਦੀ ਪ੍ਰਗਤੀ ਬਾਰੇ ਜਾਣਕਾਰੀ ਲੈਂਦੇ ਰਹੇ | ਕਿਸਾਨਾਂ ਨੇ ਆਸ ਪ੍ਰਗਟਾਈ ਕਿ ਆਉਣ ਵਾਲੇ ਤਿੰਨ ਤੋਂ ਚਾਰ ਦਿਨਾਂ ਵਿਚ ਇਹ ਮੋਘਾ ਪੂਰੀ ਤਰ੍ਹਾਂ ਚਾਲੂ ਹੋ ਜਾਵੇਗਾ, ਜਿਸ ਨਾਲ ਲੰਬੇ ਸਮੇਂ ਤੋਂ ਪਾਣੀ ਦੀ ਕਮੀ ਨਾਲ ਜੂਝ ਰਹੀਆਂ ਹਜ਼ਾਰਾਂ ਏਕੜ ਜ਼ਮੀਨਾਂ ਨੂੰ ਵੱਡੀ ਰਾਹਤ ਮਿਲੇਗੀ | ਕਿਸਾਨਾਂ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਜਥੇਦਾਰ ਸ਼ੇਰ ਸਿੰਘ ਮਹਿਰਾਜ, ਵਿਧਾਇਕ ਬਲਕਾਰ ਸਿੰਘ ਸਿੱਧੂ ਅਤੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਮੋਘਾ ਚਾਲੂ ਹੋਣ ਨਾਲ ਖੇਤਰ ਦੀ ਖੇਤੀਬਾੜੀ ਨੂੰ ਨਵੀਂ ਜ਼ਿੰਦਗੀ ਮਿਲੇਗੀ ਅਤੇ ਕਿਸਾਨਾਂ ਦੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਮੁਸ਼ਕਿਲਾਂ ਦਾ ਹੱਲ ਹੋਵੇਗਾ | ਇਸ ਮੌਕੇ ਗੁਰਸੇਵਕ ਸਿੰਘ ਸਰਪੰਚ ਮਾੜੀ, ਪਰਮਿੰਦਰ ਸਿੰਘ ਸਾਬਕਾ ਸਰਪੰਚ ਹਿੰਮਤਪੁਰਾ, ਮੱਖਣ ਸਿੰਘ ਸਾਬਕਾ ਸਰਪੰਚ ਹਿੰਮਤਪੁਰਾ, ਗੁਰਮੀਤ ਸਿੰਘ ਸੈਕਟਰੀ, ਬਲੌਰ ਸਿੰਘ ਨਥਾਣਾ, ਬਲਜਿੰਦਰ ਸਿੰਘ ਨਥਾਣਾ, ਟੇਕ ਸਿੰਘ ਭੈਣੀ ਅਤੇ ਰਾਜਬੀਰ ਸਿੰਘ ਰਾਜਾ ਭੈਣੀ ਸਮੇਤ ਹੋਰ ਕਿਸਾਨ ਹਾਜ਼ਰ ਸਨ |