ਬਠਿੰਡਾ, 2 ਜੂਨ (ਸੱਤਪਾਲ ਸਿੰਘ ਸਿਵੀਆਂ)- ਪੰਜਾਬ ਸਰਕਾਰ ਵਲੋਂ ਬੀਤੇ ਦਿਨੀਂ ਪੰਜਾਬ ਭਰ ਦੇ ਵੱਖ-ਵੱਖ ਮਹਿਕਮਿਆਂ 'ਚ ਠੇਕਾ ਆਧਾਰ 'ਤੇ ਕੰਮ ਕਰਦੇ ਕੱਚੇ ਕਾਮਿਆਂ ਨੂੰ ਸਰਕਾਰ ਅਧੀਨ ਲੈਣ ਦੇ ਫ਼ੈਸਲੇ ਬਾਅਦ ਹੁਣ ਪੰਜਾਬ ਦੇ ਜਲ ਸਪਲਾਈ ਮਹਿਕਮੇ ਅਧੀਨ ਚੱਲਦੇ ਪੇਂਡੂ ਜਲ-ਘਰਾਂ ਦੇ ਕੱਚੇ ਪੰਪ ਆਪੇ੍ਰਟਰਾਂ ਨੇ ਉਨ੍ਹਾਂ ਨੂੰ ਪੱਕੇ ਕਰਨ ਦੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ | ਇਸ ਸਬੰਧੀ ਸਥਾਨਕ ਚਿਲਡਰਨ ਪਾਰਕ 'ਚ ਹੋਈ ਮੀਟਿੰਗ ਦੌਰਾਨ ਪੰਪ ਆਪੇ੍ਰਟਰ ਐਸੋਸੀਏਸ਼ਨ (296) ਦੇ ਪ੍ਰਧਾਨ ਮੈਂਗਲ ਸਿੰਘ, ਸੁਖਜੀਤ ਸਿੰਘ ਤੇ ਜਸਵਿੰਦਰ ਸਿੰਘ ਨੇ ਕਿਹਾ ਕਿ ਉਹ ਸਾਲਾਂ ਤੋਂ ਪਿੰਡਾਂ ਦੇ ਜਲ ਘਰਾਂ 'ਚ ਬਹੁਤ ਹੀ ਨਿਗੂਣੇ ਮਿਹਨਤਾਨੇ ਉਪਰ ਪੰਪ ਆਪੇ੍ਰਟਰਾਂ ਵਜੋਂ ਸੇਵਾ ਕਰ ਰਹੇ ਹਨ ਪਰ ਅਜੇ ਤੱਕ ਉਨ੍ਹਾਂ ਨੂੰ ਮਹਿਕਮੇ ਵਿਚ ਪੱਕਾ ਨਹੀਂ ਕੀਤਾ ਗਿਆ ਹੈ | ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਵਲੋਂ 10 ਜੂਨ ਨੂੰ ਸੱਦੀ ਗਈ ਪੰਜਾਬ ਕੈਬਨਿਟ ਦੀ ਮੀਟਿੰਗ ਵਿਚ ਉਨ੍ਹਾਂ ਨੂੰ ਪੱਕੇ ਕਰਨ ਦਾ ਮਤਾ ਪਾਸ ਕੀਤਾ ਜਾਵੇ, ਜੇਕਰ ਸਰਕਾਰ ਨੇ ਅਜਿਹਾ ਨਾ ਕੀਤਾ ਤਾਂ ਉਹ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਸਥਿਤ ਰਿਹਾਇਸ਼ ਮੂਹਰੇ ਆਪਣੇ ਪਰਿਵਾਰਾਂ ਸਮੇਤ ਅਣਮਿਥੇ ਸਮੇਂ ਲਈ ਧਰਨਾ ਲਗਾਉਣ ਲਈ ਮਜਬੂਰ ਹੋਣਗੇ | ਇਸ ਮੌਕੇ ਰਮਨਦੀਪ ਸਿੰਘ, ਰਜਿੰਦਰ ਸਿੰਘ, ਬਲਵੀਰ ਸਿੰਘ, ਨਿੱਕਾ ਸਿੰਘ ਬਾਹੋਯਾਤਰੀ ਅਤੇ ਗੁਰਦਰਸ਼ਨ ਸਿੰਘ ਆਦਿ ਮੌਜੂਦ ਸਨ |