ਬਠਿੰਡਾ, 2 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)-ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜੇ. ਪੀ. ਨੱਢਾ ਨੇ ਅੱਜ ਏਮਜ਼ ਬਠਿੰਡਾ ਦੀ ਦੂਜੀ ਕਾਨਵੋਕੇਸ਼ਨ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਉਨ੍ਹਾਂ ਨੇ ਮਰੀਜ਼ਾਂ ਦੀ ਚੰਗੀ ਦੇਖਭਾਲ ਅਤੇ ਇਲਾਜ ਲਈ ਕਈ ਆਧੁਨਿਕ ਸਿਹਤ ਸਹੂਲਤਾਂ ਦਾ ਉਦਘਾਟਨ ਕਰਕੇ ਸੰਸਥਾ ਨੂੰ ਸਮਰਪਿਤ ਕੀਤਾ¢ ਆਪਣੇ ਦੌਰੇ ਦੌਰਾਨ ਸਿਹਤ ਮੰਤਰੀ ਨੇ ਅਤਿ-ਆਧੁਨਿਕ ਪੀ.ਈ.ਟੀ.-ਸੀ.ਟੀ. ਸਹੂਲਤ ਅਤੇ ਦੂਜੇ ਹਾਈ ਐਨਰਜੀ ਲੀਨੀਅਰ ਐਕਸਲੇਟਰ ਦਾ ਉਦਘਾਟਨ ਕੀਤਾ, ਜਿਸ ਨਾਲ ਕੈਂਸਰ ਦੀ ਜਾਂਚ ਅਤੇ ਇਲਾਜ ਦੀਆਂ ਸਹੂਲਤਾਂ ਹੋਰ ਮਜ਼ਬੂਤ ਹੋਣਗੀਆਂ¢ ਉਨ੍ਹਾਂ ਨੇ ਬਾਲ ਵਿਕਾਸ ਅਤੇ ਸ਼ੁਰੂਆਤੀ ਦਖ਼ਲ ਕੇਂਦਰ (ਸੀ.ਡੀ.ਈ.ਆਈ.ਸੀ.) ਵੀ ਲੋਕਾਂ ਨੂੰ ਸਮਰਪਿਤ ਕੀਤਾ, ਜੋ ਵਿਕਾਸ ਸਬੰਧੀ ਸਮੱਸਿਆਵਾਂ ਦੀ ਸ਼ੁਰੂਆਤੀ ਪਹਿਚਾਣ ਅਤੇ ਇਲਾਜ ਵਿਚ ਅਹਿਮ ਭੂਮਿਕਾ ਨਿਭਾਏਗਾ¢ ਇਸ ਤੋਂ ਇਲਾਵਾ ਨੱਢਾ ਨੇ ਬਰਨਜ਼ ਆਈ.ਸੀ.ਯੂ. ਦਾ ਉਦਘਾਟਨ ਕੀਤਾ, ਜਿੱਥੇ ਗੰਭੀਰ ਜਲਣ ਦੀਆਂ ਸੱਟਾਂ ਵਾਲੇ ਮਰੀਜ਼ਾਂ ਨੂੰ ਵਿਸ਼ੇਸ਼ ਅਤੇ ਉੱਨਤ ਇਲਾਜ ਮਿਲੇਗਾ¢ ਵਿਦਿਆਰਥੀਆਂ ਦੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਲਈ ਜਿਮਨੇਜ਼ੀਅਮ ਅਤੇ ਵੈਲਨੈੱਸ ਸੈਂਟਰ ਵੀ ਸ਼ੁਰੂ ਕੀਤਾ ਗਿਆ ¢ ਉਪਰੰਤ ਦੂਜੀ ਕਾਨਵੋਕੇਸ਼ਨ ਸਮਾਰੋਹ 'ਚ ਗ੍ਰੈਜੂਏਟ ਵਿਦਿਆਰਥੀਆਂ, ਫੈਕਲਟੀ ਮੈਂਬਰਾਂ ਅਤੇ ਸਿਹਤ ਖੇਤਰ ਦੀਆਂ ਪ੍ਰਮੁੱਖ ਹਸਤੀਆਂ ਨੇ ਭਾਗ ਲਿਆ ¢ ਏਮਜ਼ ਬਠਿੰਡਾ ਦੀ ਪ੍ਰਧਾਨ ਪ੍ਰੋ. (ਡਾ.) ਨੀਰਜਾ ਭਾਟਲਾ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਅਕਾਦਮਿਕ ਸਫ਼ਲਤਾ ਲਈ ਮੁਬਾਰਕਵਾਦ ਦਿੱਤੀ ¢ ਏਮਜ਼ ਬਠਿੰਡਾ ਦੇ ਕਾਰਜਕਾਰੀ ਨਿਰਦੇਸ਼ਕ ਪ੍ਰੋ. (ਡਾ.) ਰਤਨ ਗੁਪਤਾ ਨੇ ਸੰਸਥਾ ਦੀ ਸਾਲਾਨਾ ਰਿਪੋਰਟ ਪੇਸ਼ ਕਰਦਿਆਂ ਮਰੀਜ਼ ਸੇਵਾ, ਮੈਡੀਕਲ ਸਿੱਖਿਆ ਅਤੇ ਖੋਜ ਖੇਤਰ ਵਿਚ ਹੋਈਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ ¢ ਸਮਾਰੋਹ ਦੌਰਾਨ ਸਿਹਤ ਮੰਤਰੀ ਨੇ ਹੋਣਹਾਰ ਵਿਦਿਆਰਥੀਆਂ ਨੂੰ ਡਿਗਰੀਆਂ ਅਤੇ ਅਕਾਦਮਿਕ ਮੈਡਲ ਪ੍ਰਦਾਨ ਕੀਤੇ ¢ ਆਪਣੇ ਸੰਬੋਧਨ 'ਚ ਉਨ੍ਹਾਂ ਨੇ ਨਵੇਂ ਡਾਕਟਰਾਂ ਨੂੰ ਦਇਆ, ਇਮਾਨਦਾਰੀ ਅਤੇ ਮਿਆਰੀ ਸੇਵਾਵਾਂ ਨੂੰ ਆਪਣੇ ਪੇਸ਼ੇਵਰ ਜੀਵਨ ਵਿਚ ਅਪਣਾਉਣ ਦਾ ਸੱਦਾ ਦਿੱਤਾ ਅਤੇ ਦੇਸ਼ ਦੇ ਸਿਹਤਮੰਦ ਭਵਿੱਖ ਦੀ ਨਿਰਮਾਣ ਵਿਚ ਸਿਹਤ ਕਰਮੀਆਂ ਦੀ ਅਹਿਮ ਭੂਮਿਕਾ 'ਤੇ ਜ਼ੋਰ ਦਿੱਤਾ¢