ਮੱਖਣ ਜਿੰਦਲ ਨੇ ਰਾਮਪੁਰਾ ਫੂਲ ਤੋਂ ਭਾਜਪਾ ਦੀ ਟਿਕਟ ਲਈ ਜਤਾਇਆ ਆਪਣਾ ਹੱਕ
ਰਾਮਪੁਰਾ ਫੂਲ, 5 ਨਵੰਬਰ (ਹੇਮੰਤ ਕੁਮਾਰ ਸ਼ਰਮਾ): ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਭਾਜਪਾ ਦੇ ਸੀਨੀਅਰ ਆਗੂ ਅਤੇ ਪੰਜਾਬ ਸੂਬਾ ਕਾਰਜਕਾਰਨੀ ਦੇ ਮੈਂਬਰ ਮੱਖਣ ਜਿੰਦਲ ਨੇ ਰਾਮਪੁਰਾ ਫੂਲ ਤੋਂ ਭਾਜਪਾ ਦੀ ਟਿਕਟ ਲਈ ਆਪਣਾ ਹੱਕ ਮਜ਼ਬੂਤੀ ਨਾਲ ਪੇਸ਼ ਕੀਤਾ ਹੈ।
ਰਾਮਪੁਰਾ ਫੂਲ, 5 ਨਵੰਬਰ (ਹੇਮੰਤ ਕੁਮਾਰ ਸ਼ਰਮਾ): ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਭਾਜਪਾ ਦੇ ਸੀਨੀਅਰ ਆਗੂ ਅਤੇ ਪੰਜਾਬ ਸੂਬਾ ਕਾਰਜਕਾਰਨੀ ਦੇ ਮੈਂਬਰ ਮੱਖਣ ਜਿੰਦਲ ਨੇ ਰਾਮਪੁਰਾ ਫੂਲ ਤੋਂ ਭਾਜਪਾ ਦੀ ਟਿਕਟ ਲਈ ਆਪਣਾ ਹੱਕ ਮਜ਼ਬੂਤੀ ਨਾਲ ਪੇਸ਼ ਕੀਤਾ ਹੈ। ਪ੍ਰੈੱਸ ਕਾਨਫ਼ਰੰਸ ਦੌਰਾਨ ਉਨ੍ਹਾਂ ਨੇ ਪਾਰਟੀ ਅੰਦਰ ਲੰਬੇ ਸਮੇਂ ਤੋਂ ਨਿਭਾਈਆਂ ਸੇਵਾਵਾਂ ਦਾ ਜ਼ਿਕਰ ਕਰਦਿਆਂ ਹਾਈਕਮਾਂਡ ਨੂੰ ਅਪੀਲ ਕੀਤੀ ਕਿ ਇਸ ਵਾਰ ਉਨ੍ਹਾਂ ਨੂੰ ਹਲਕੇ ਤੋਂ ਚੋਣ ਲੜਨ ਦਾ ਮੌਕਾ ਦਿੱਤਾ ਜਾਵੇ। ਇਸ ਮੌਕੇ ਬਜਰੰਗ ਦਲ ਦੇ ਆਗੂ ਗੁਰਪ੍ਰੀਤ ਸਿੰਘ ਗੋਰਾ ਨੇ ਵੀ ਮੱਖਣ ਜਿੰਦਲ ਦੀ ਹਮਾਇਤ ਕਰਦਿਆਂ ਪਾਰਟੀ ਹਾਈਕਮਾਂਡ ਅੱਗੇ ਉਨ੍ਹਾਂ ਨੂੰ ਟਿਕਟ ਦੇਣ ਦੀ ਮੰਗ ਰੱਖੀ। ਮੱਖਣ ਜਿੰਦਲ ਨੇ ਦੱਸਿਆ ਕਿ ਉਨ੍ਹਾਂ ਦਾ ਜਨਮ ਪਿੰਡ ਬਾਲਿਆਂਵਾਲੀ ਵਿਖੇ ਹੋਇਆ ਅਤੇ ਸਾਲ 1993 ਵਿਚ ਉਹ ਰਾਮਪੁਰਾ ਫੂਲ ਆ ਗਏ ਸਨ ਅਤੇ ਲਗਾਤਾਰ ਪਾਰਟੀ ਪ੍ਰਤੀ ਮਿਹਨਤ ਕਰਦੇ ਆ ਰਹੇ ਹਨ। ਉਹ ਨਗਰ ਕੌਂਸਲ ਦੇ ਕੌਂਸਲਰ, ਮੀਤ ਪ੍ਰਧਾਨ ਅਤੇ ਕਾਰਜਕਾਰੀ ਪ੍ਰਧਾਨ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਹ ਲਗਾਤਾਰ ਤੀਜੀ ਵਾਰ ਭਾਜਪਾ ਦੀ ਪੰਜਾਬ ਸੂਬਾ ਕਾਰਜਕਾਰਨੀ ਦੇ ਮੈਂਬਰ ਵਜੋਂ ਕੰਮ ਕਰ ਰਹੇ ਹਨ। ਉਨ੍ਹਾਂ ਨੇ ਅੱਤਵਾਦ ਦੇ ਔਖੇ ਦੌਰ ਤੋਂ ਲੈ ਕੇ ਅੱਜ ਤੱਕ ਪਾਰਟੀ ਦਾ ਸਾਥ ਨਹੀਂ ਛੱਡਿਆ ਅਤੇ ਹਰ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਸੂਬੇ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ’ਤੇ ਚੋਣ ਲੜਨ ਦੀ ਤਿਆਰੀ ਕਰ ਰਹੀ ਹੈ। ਅਕਾਲੀ ਦਲ ਨਾਲ ਗੱਠਜੋੜ ਸੰਬੰਧੀ ਚੱਲ ਰਹੀਆਂ ਚਰਚਾਵਾਂ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਮੀਡੀਆ ਦੇ ਇੱਕ ਹਿੱਸੇ ਅਤੇ ਕੁਝ ਅਕਾਲੀ ਆਗੂਆਂ ਵਲੋਂ ਇਸ ਸੰਬੰਧੀ ਬਿਆਨ ਦਿੱਤੇ ਜਾ ਰਹੇ ਹਨ, ਪਰ ਸੂਬਾ ਕਾਰਜਕਾਰਨੀ ਦਾ ਮੈਂਬਰ ਹੋਣ ਦੇ ਬਾਵਜੂਦ ਉਨ੍ਹਾਂ ਦੇ ਧਿਆਨ ਵਿਚ ਅਜੇ ਤੱਕ ਅਜਿਹਾ ਕੋਈ ਅਧਿਕਾਰਤ ਫ਼ੈਸਲਾ ਨਹੀਂ ਆਇਆ। ਇਸ ਮੌਕੇ ਉਨ੍ਹਾਂ ਨੇ ਪਾਰਟੀ ਵੱਲੋਂ ਨਸ਼ਿਆਂ ਵਿਰੁੱਧ ਵਿੱਢੀਆਂ ਗਈਆ ਸਰਗਰਮੀਆਂ ਦਾ ਵੀ ਜ਼ਿਕਰ ਕੀਤਾ। ਬਜਰੰਗ ਦਲ ਦੇ ਆਗੂ ਗੁਰਪ੍ਰੀਤ ਸਿੰਘ ਗੋਰਾ ਨੇ ਕਿਹਾ ਕਿ ਮੱਖਣ ਜਿੰਦਲ ਨੇ ਲੰਬਾ ਸਮਾਂ ਪਾਰਟੀ ਅਤੇ ਸਮਾਜ ਲਈ ਕੰਮ ਕੀਤਾ ਹੈ। ਮੌਕੇ ਅੰਕੁਸ਼ ਗਰਗ ਕੌਸਲਰ, ਰਮੇਸ਼ ਗੋਇਲ, ਅਤੁਲ ਗੋਇਲ, ਬਿੰਦਰ ਸਿੰਘ ਬੁਰਜ ਗਿੱਲ, ਸਾਵਨ ਗਰਗ, ਸੰਜੇ ਤਨਵਰ ਕੌਸਲਰ, ਲਛਮਣ ਦਾਸ, ਰਾਕੇਸ਼ ਕੁਮਾਰ, ਨਾਜਰ ਸਿੰਘ, ਮੋਹਿਤ ਕੋਹਲੀ, ਜਗਰੂਪ ਸਿੰਘ ਸਣੇ ਵੱਡੀ ਗਿਣਤੀ ਵਿਚ ਭਾਜਪਾ ਆਗੂ/ਵਰਕਰ ਹਾਜ਼ਰ ਸਨ।