ਡੇਹਲੋਂ, 28 ਜਨਵਰੀ (ਅੰਮਿ੍ਤਪਾਲ ਸਿੰਘ ਕੈਲੇ)-ਬਲਾਕ ਡੇਹਲੋਂ-1 ਵਲੋਂ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਦੀ ਸਾਹਿੱਤਿਕ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ਼ ਤਿਆਰ ਕੀਤੀ ਗਈ ਬਲਾਕ ਪੱਧਰ ਬਾਲ ਮੈਗਜ਼ੀਨ 'ਨਵੀਂ ਉਡਾਰੀ' ਦੀ ਘੁੰਡ ਚੁਕਾਈ ਦਾ ਸ਼ੁੱਭ ਪ੍ਰੋਗਰਾਮ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੇ ਭੋਗ ਉਪਰੰਤ ਕੀਤੀ ਗਈ | ਇਸ ਸਮਾਗਮ ਦੀ ਅਗਵਾਈ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮਨੋਜ ਕੁਮਾਰ ਅਤੇ ਨੈਸ਼ਨਲ ਐਵਾਰਡੀ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਗੁਰਪ੍ਰੀਤ ਸਿੰਘ ਸੰਧੂ ਨੇ ਕੀਤੀ | ਦੋਵਾਂ ਅਧਿਕਾਰੀਆਂ ਨੇ ਮੈਗਜ਼ੀਨ ਦੀ ਘੁੰਡ ਚੁਕਾਈ ਕਰਦੇ ਹੋਏ ਬੱਚਿਆਂ, ਅਧਿਆਪਕਾਂ ਅਤੇ ਨੂੰ ਇਸ ਸ਼ਲਾਘਾਯੋਗ ਉਪਰਾਲੇ ਲਈ ਵਧਾਈ ਦਿੱਤੀ | ਇਸ ਸਮੇਂ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮਨੋਜ ਕੁਮਾਰ ਨੇ ਕਿਹਾ ਕਿ 'ਨਵੀਂ ਉਡਾਰੀ' ਵਰਗਾ ਬਾਲ ਮੈਗਜ਼ੀਨ ਬੱਚਿਆਂ ਦੀ ਲਿਖਤ, ਰਚਨਾਤਮਿਕ ਸੋਚ ਅਤੇ ਭਾਸ਼ਾਈ ਵਿਕਾਸ ਨੂੰ ਨਵਾਂ ਮੋੜ ਦਿੰਦਾ ਹੈ | ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਗੁਰਪ੍ਰੀਤ ਸਿੰਘ ਸੰਧੂ ਨੇ ਕਿਹਾ ਕਿ ਇਹ ਮੈਗਜ਼ੀਨ ਬਲਾਕ ਡੇਹਲੋਂ-1 ਦੇ ਵਿਦਿਆਰਥੀਆਂ ਦੀ ਪ੍ਰਤਿਭਾ ਦਾ ਦਰਪਣ ਹੈ ਅਤੇ ਇਹ ਅਧਿਆਪਕਾਂ ਦੀ ਮਿਹਨਤ ਅਤੇ ਬੱਚਿਆਂ ਦੀ ਕਲਪਨਾ ਸ਼ਕਤੀ ਦਾ ਸੁੰਦਰ ਨਤੀਜਾ ਹੈ | ਉਨ੍ਹਾਂ ਮੈਗਜ਼ੀਨ ਕਮੇਟੀ ਦੇ ਸੰਪਾਦਕੀ ਮੰਡਲ ਦਵਿੰਦਰ ਸਿੰਘ, ਸਤਵੰਤ ਸਿੰਘ, ਰਾਜੇਸ਼ ਕੁਮਾਰ, ਰਵਿੰਦਰ ਸਿੰਘ ਅਤੇ ਰਾਜ ਸਿੰਘ ਸਮੇਤ ਮੈਗਜ਼ੀਨ ਦੀ ਤਿਆਰੀ ਵਿਚ ਯੋਗਦਾਨ ਪਾਉਣ ਵਾਲ਼ੇ ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਵਿਸ਼ੇਸ਼ ਸ਼ਲਾਘਾ ਕੀਤੀ ਗਈ | ਇਸ ਦੌਰਾਨ ਬਲਾਕ ਦੇ ਰਾਜ ਪੁਰਸਕਾਰ ਪ੍ਰਾਪਤ ਕਰਨ ਵਾਲੇ ਅਧਿਆਪਕ ਜਸਵਿੰਦਰ ਸਿੰਘ ਸ. ਪ. ਸ. ਬੁਟਾਹਰੀ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ | ਸਮਾਗਮ ਦੇ ਅੰਤ ਵਿਚ ਸਭਨਾਂ ਵਲੋਂ ਬੱਚਿਆਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ ਗਈ | ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਡੇਹਲੋਂ-2 ਅਤੇ ਪੱਖੋਵਾਲ ਮਨਜੀਤ ਸਿੰਘ ਗਰੇਵਾਲ, ਬੀ. ਆਰ. ਸੀ. ਮਨਪ੍ਰੀਤ ਸਿੰਘ , ਬੀ.ਆਰਸੀ ਪਰਮਿੰਦਰ ਸਿੰਘ, ਬਲਾਕ ਸੰਮਤੀ ਮੈਂਬਰ ਜਗਰੂਪ ਸਿੰਘ , ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਿਕੰਦਰ ਸਿੰਘ, ਸਰਪੰਚ ਪਰਮਦੀਪ ਸਿੰਘ ਦੀਪਾ, ਪਿ੍ੰਸੀਪਲ ਜਗਦੀਸ਼ ਸਿੰਘ ਡੇਹਲੋਂ, ਬਲਾਕ ਨੋਡਲ ਅਫ਼ਸਰ ਪਿ੍ੰਸੀਪਲ ਅਲਕਾ ਪੁੰਜ, ਮਿਡਲ ਅਤੇ ਹਾਈ ਸਕੂਲਾਂ ਤੋਂ ਅਧਿਆਪਕ ਮਨਿੰਦਰਪਾਲ ਸਿੰਘ ਭੀਖੀ ਖੱਟੜਾ, ਮਨਜੀਤ ਕੌਰ ਡੇਹਲੋਂ, ਮਨਿੰਦਰਪਾਲ ਕੌਰ ਝੱਮਟ, ਕੰਵਲਜੀਤ ਕੌਰ ਹਰਨਾਮਪੁਰਾ, ਇੰਦਰਜੀਤ ਕੌਰ ਘਵੱਦੀ ਸਮੂਹ ਮੁੱਖ ਅਧਿਆਪਕ, ਅਧਿਆਪਕ ਅਤੇ ਕਰਮਚਾਰੀ ਹਾਜ਼ਰ ਸਨ |