ਸ੍ਰੀ ਮੁਕਤਸਰ ਸਾਹਿਬ, 4 ਅਕਤੂਬਰ (ਰਣਜੀਤ ਸਿੰਘ ਢਿੱਲੋਂ)- ਪੰਜਾਬ ਸਰਕਾਰ ਵਲੋਂ ਝੋਨੇ ਦੀ ਖਰੀਦ ਲਈ ਅਨਾਜ ਮੰਡੀਆਂ ਵਿਚ ਪੁਖਤਾ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਕਿਸਾਨਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਇਹ ਪ੍ਰਗਟਾਵਾ ਪੰਜਾਬ ਸਰਕਾਰ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਦੇ ਗ੍ਰਹਿ ਵਿਖੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਪਿਛਲੇ ਸਾਲ ਦੇ ਗੁਦਾਮਾਂ ਤੇ ਸ਼ੈਲਰਾਂ ਵਿਚ ਪਈ ਕਣਕ ਤੇ ਝੋਨੇ ਦੀ ਚੁਕਾਈ ਨਾ ਕੀਤੇ ਜਾਣ ਲਈ ਕੇਂਦਰ ਸਰਕਾਰ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਅਨਾਜ ਦੇ ਭੰਡਾਰਨ ਲਈ ਲੋੜੀ ਦੀ ਜਗ੍ਹਾ ਬਣਾਉਣਾ ਬਹੁਤ ਜ਼ਰੂਰੀ ਹੈ ਤਾਂ ਜੋ ਖਰੀਦ ਦੇ ਕੰਮ ਨਿਰਵਿਘਨ ਜਾਰੀ ਰਹਿਣ। ਉਨ੍ਹਾਂ ਇਥੇ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਕਿ ਉਹ ਫਸਲ ਦੀ ਖਰੀਦ, ਚੁਕਾਈ ਤੇ ਅਦਾਇਗੀ ਵਿਚ ਬੇਲੋੜੀ ਦੇਰੀ ਨਾ ਕਰਨ। ਕੈਬਨਿਟ ਮੰਤਰੀ ਖੁੱਡੀਆਂ ਨੇ ਪਿਛਲੇ ਦਿਨੀਂ ਹਾੜ੍ਹੀ ਦੀਆਂ ਫਸਲਾਂ ਦੇ ਭਾਅ ਵਿਚ ਕੇਂਦਰ ਸਰਕਾਰ ਵਲੋਂ ਕੀਤੇ ਗਏ ਵਾਧੇ ਨੂੰ ਨਾ-ਕਾਫੀ ਦੱਸਿਆ।
ਉਨ੍ਹਾਂ ਕਿਹਾ ਕਿ ਖੇਤੀਬਾੜੀ ਲਾਗਤ ਦੇ ਖਰਚੇ ਬਹੁਤ ਵੱਧ ਗਏ ਹਨ ਅਤੇ ਜਿਨਸਾਂ ਦੇ ਭਾਅ ਪੂਰੇ ਨਹੀਂ ਮਿਲ ਰਹੇ। ਕੇਂਦਰ ਸਰਕਾਰ ਵਲੋਂ ਕਣਕ ਦੇ ਭਾਅ ਵਿਚ 25 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ, ਜੋ ਕਿ ਬਹੁਤ ਥੋੜ੍ਹਾ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਕਿੱਤੇ ਨੂੰ ਲਾਹੇਵੰਦ ਕਿੱਤਾ ਬਣਾਉਣ ਲਈ ਕੇਂਦਰ ਸਰਕਾਰ ਨੂੰ ਗੰਭੀਰਤਾ ਨਾਲ ਵਿਚਾਰ ਕਰਨੀ ਚਾਹੀਦੀ ਹੈ। ਸ: ਖੁੱਡੀਆਂ ਨੇ ਕਿਹਾ ਕਿ ਪਿਛਲੇ ਸਮੇਂ ਤੋਂ ਪੰਜਾਬ ਵਿਚ ਨਹਿਰੀ ਪਾਣੀ ਦੀ ਘਾਟ ਕਰਕੇ ਖੇਤੀ ਲਈ ਟਿਊਬਵੈਲ ਪਾਣੀ ਦੀ ਵਰਤੋਂ ਕੀਤੀ ਗਈ, ਜਿਸ ਕਰਕੇ ਜ਼ਮੀਨੀ ਪੱਧਰ ਤੇ ਪਾਣੀ ਕਈ ਜ਼ਿਲ੍ਹਿਆਂ ਵਿਚ ਬਹੁਤ ਹੇਠਾਂ ਚਲਿਆ ਗਿਆ, ਪ੍ਰੰਤੂ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਸ਼ੇਸ਼ ਤੌਰ ਤੇ ਪੰਜਾਬ ਵਿਚ ਸਾਰੇ ਜਿਲ੍ਹਿਆਂ ਵਿਚ ਨਹਿਰੀ ਪਾਣੀ ਪੂਰਾ ਦਿੱਤਾ ਅਤੇ ਨਵੇਂ ਖਾਲ ਬਣਾਉਣ ਤੋਂ ਇਲਾਵਾ ਪਾਣੀ ਲਈ ਜ਼ਮੀਨ ਦੋਜ ਪਾਈਪਾਂ ਪਾਈਆਂ।
ਜਿਸ ਕਰਕੇ ਨਹਿਰੀ ਪਾਣੀ ਦਾ ਕਿਸਾਨਾਂ ਨੂੰ ਬਹੁਤ ਲਾਭ ਹੋਇਆ ਅਤੇ ਜ਼ਮੀਨੀ ਪਾਣੀ ਦਾ ਪੱਧਰ ਵੀ ਵਧ ਗਿਆ। ਜੋ ਸੂਬੇ ਲਈ ਚੰਗਾ ਸੰਕੇਤ ਹੈ। ਇਸ ਮੌਕੇ ਜਗਦੀਪ ਸਿੰਘ ਬਰਾੜ ਵਿਧਾਇਕ ਸ੍ਰੀ ਮੁਕਤਸਰ ਸਾਹਿਬ, ਗੁਰਬਾਜ ਸਿੰਘ ਵਣਵਾਲਾ ਚੇਅਰਮੈਨ ਮਾਰਕੀਟ ਕਮੇਟੀ ਮੰਡੀ ਕਿੱਲਿਆਂਵਾਲੀ, ਜਗਦੇਵ ਸਿੰਘ ਬਾਂਮ ਚੇਅਰਮੈਨ ਸਹਿਕਾਰੀ ਬੈਂਕਾਂ ਪੰਜਾਬ ਆਦਿ ਹਾਜ਼ਰ ਸਨ।