ਮਾਛੀਵਾੜਾ ਸਾਹਿਬ, 4 ਫਰਵਰੀ (ਮਨੋਜ ਕੁਮਾਰ)-ਵਿੱਦਿਅਕ ਸੰਸਥਾ ਹਰਸਿਮਰਨ ਪਬਲਿਕ ਸੀਨੀ. ਸੈਕੰ ਸਕੂਲ ਮਾਛੀਵਾੜਾ ਖ਼ਾਮ ਦੇ ਵਿਦਿਆਰਥੀਆਂ ਨੇ ਪੰਜਾਬ ਪੱਧਰ 'ਤੇ ਹੋਈ ਧਾਰਮਿਕ ਪ੍ਰੀਖਿਆ ਵਿਚੋਂ ਪਹਿਲੇ ਸਥਾਨ 'ਤੇ ਰਹਿੰਦੇ ਹੋਏ ਲੈਪਟਾਪ ਅਤੇ ਹੋਰ ਇਨਾਮ ਜਿੱਤ ਕੇ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ | ਇਸ ਸੰਬੰਧੀ ਜਸਦੇਵ ਸਿੰਘ ਨੇ ਦੱਸਿਆ ਕਿ ਗੁਰੂ ਨਾਨਕ ਮਲਟੀਵਰਸਿਟੀ ਵਲੋਂ ਹਰਸਿਮਰਨ ਪਬਲਿਕ ਸਕੂਲ ਮਾਛੀਵਾੜਾ ਖ਼ਾਮ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਇਨ੍ਹਾਂ ਹੋਣਹਾਰ ਵਿਦਿਆਰਥੀਆਂ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੀ 350 ਸਾਲਾ ਸ਼ਹੀਦੀ ਨੂੰ ਸਮਰਪਿਤ ਹੋਏ ਗੁਰਮਤਿ ਮੁਕਾਬਲਿਆਂ ਦੇ ਵਿਚੋਂ ਇਕ ਲੱਖ ਵਿਦਿਆਰਥੀਆਂ ਨੂੰ ਪਛਾੜਦੇ ਹੋਏ ਚੌਥੇ ਪੜਾਅ ਵਿਚ ਪਹੁੰਚ ਕੇ ਆਪਣੀ ਬੌਧਿਕ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ | ਵਿਦਿਆਰਥੀਆਂ ਨੂੰ ਕਰਮਜੀਤ ਕੌਰ ਵਲੋਂ ਤਿਆਰੀ ਕਰਵਾਈ ਗਈ | ਇਸ ਤਹਿਤ ਦੋ ਵਿਦਿਆਰਥੀ ਤਰਨਜੋਤ ਸਿੰਘ (ਗਿਆਰਵੀਂ) ਅਤੇ ਹਰਸ਼ਪ੍ਰੀਤ ਸਿੰਘ (ਦਸਵੀਂ) ਨੇ ਪਹਿਲੇ ਸਥਾਨ ਤੇ ਰਹਿੰਦੇ ਹੋਏ ਲੈਪਟਾਪ ਪ੍ਰਾਪਤ ਕੀਤੇ ਅਤੇ ਹੋਰ ਵਿਦਿਆਰਥੀਆਂ ਨੇ ਸਮਾਰਟ ਵਾਚ, ਇਨਾਮ, ਟਾਈਮ ਪੀਸ, ਕੈਟਲ ਅਤੇ ਹੋਰ ਕਈ ਇਨਾਮ ਪ੍ਰਾਪਤ ਕੀਤੇ | ਇਸ ਮੌਕੇ ਸੰਸਥਾ ਦੇ ਮੁਖੀ ਜਸਦੇਵ ਸਿੰਘ ਅਤੇ ਗੁਰੂ ਨਾਨਕ ਮਲਟੀਵਰਸਿਟੀ ਦੇ ਜ਼ੋਨ ਇੰਚਾਰਜ ਕੁਲਦੀਪ ਸਿੰਘ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ |