ਮਾਛੀਵਾੜਾ ਸਾਹਿਬ, 20 ਫਰਵਰੀ (ਮਨੋਜ ਕੁਮਾਰ)-ਸਥਾਨਕ ਸਰਕਾਰੀ ਕਾਲਜ ਵਿਖੇ ਚੌਥਾ ਸਲਾਨਾ ਖੇਡ ਸਮਾਰੋਹ ਸ਼ਾਨਦਾਰ ਮਾਹੌਲ ਵਿਚ ਸੰਪੰਨ ਹੋਇਆ | ਕਾਲਜ ਪਿ੍ੰਸੀਪਲ ਨੰਦਿਨੀ ਵੈਦ ਦੀ ਯੋਗ ਅਗਵਾਈ ਅਤੇ ਵਾਈਸ ਪਿ੍ੰਸੀਪਲ ਸਹਾਇਕ ਪ੍ਰੋਫੈਸਰ ਪ੍ਰਦੀਪ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮੂਹ ਸਟਾਫ਼ ਦੇ ਸਹਿਯੋਗ ਨਾਲ ਖੇਡ ਸਮਾਰੋਹ ਸਫਲਤਾਪੂਰਵਕ ਰਿਹਾ | ਸਲਾਨਾ ਖੇਡ ਸਮਾਰੋਹ ਦਾ ਆਗਾਜ਼ ਮਾਰਚ ਪਾਸਟ ਨਾਲ ਹੋਇਆ | ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਪਿ੍ੰਸੀਪਲ ਨੰਦਨੀ ਵੈਦ ਨੇ ਉਨ੍ਹਾਂ ਨੂੰ 'ਜੀ ਆਇਆਂ' ਕਿਹਾ ਅਤੇ ਬੱਚਿਆਂ ਨੂੰ ਖੇਡਾਂ ਨਾਲ ਪ੍ਰਤੀਬੱਧ ਰਹਿਣ ਦਾ ਸੁਨੇਹਾ ਦਿੱਤਾ | ਮੁੱਖ ਮਹਿਮਾਨ ਨੇ ਖੇਡਾਂ ਸ਼ੁਰੂ ਕਰਨ ਦੀ ਘੋਸ਼ਣਾ ਕੀਤੀ ਅਤੇ ਝੰਡੇ ਦੀ ਰਸਮ ਤੋਂ ਬਾਅਦ ਖੇਡਾਂ ਦੇ ਈਵੈਂਟ ਸ਼ੁਰੂ ਹੋਏ | ਵਿਦਿਆਰਥੀਆਂ ਨੇ ਇਨ੍ਹਾਂ ਖੇਡਾਂ ਵਿਚ ਵੱਧ ਚੜ ਕੇ ਹਿੱਸਾ ਲਿਆ | ਦਿਆਲਪੁਰਾ ਨੇ ਆਪਣੇ ਸੰਬੋਧਨ ਵਿਚ ਕਾਲਜ ਦੇ ਹਰ ਕੰਮ ਵਿਚ ਸਹਿਯੋਗ ਕਰਨ ਦਾ ਭਰੋਸਾ ਦਿੱਤਾ ਅਤੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਮੁਕਤ ਰਹਿਣ ਦੀ ਪ੍ਰੇਰਨਾ ਦਿੱਤੀ | 100 ਮੀਟਰ ਦੌੜ, 200 ਮੀਟਰ ਦੌੜ, ਲੰਬੀ ਛਾਲ, ਸ਼ਾਟਪੁੱਟ ਥਰੋਅ ਵਿਚ ਮੁੰਡਿਆਂ ਦੇ ਬਰਾਬਰ ਲੜਕੀਆਂ ਦਾ ਵੀ ਸ਼ਾਨਦਾਰ ਪ੍ਰਦਰਸ਼ਨ ਰਿਹਾ | ਅੰਤ ਵਿਚ ਬੱਚਿਆਂ ਨੇ ਰੱਸਾਕਸ਼ੀ ਦੇ ਮੁਕਾਬਲਿਆਂ ਦਾ ਆਨੰਦ ਮਾਣਿਆ | ਮੱਲ੍ਹਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਸਾਹਿਲ ਕੁਮਾਰ ਬੀ. ਏ. ਭਾਗ ਪਹਿਲਾ ਅਤੇ ਲਵਲੀਨ ਕੌਰ ਬੀ. ਏ. ਭਾਗ ਦੂਜਾ ਖੇਡ ਸਮਾਰੋਹ ਦੇ ਉੱਤਮ ਖਿਡਾਰੀ ਰਹੇ | ਪਿ੍ੰਸੀਪਲ ਨੇ ਸਮੂਹ ਸਟਾਫ਼ ਨੂੰ ਮੁਬਾਰਕਬਾਦ ਦਿੰਦੇ ਹੋਏ ਖੇਡ ਸਮਾਰੋਹ ਨੂੰ ਸਮਾਪਤ ਕਰਨ ਦੀ ਘੋਸ਼ਣਾ ਕੀਤੀ | ਪ੍ਰੋ. ਅਮਰਦੀਪ ਸਿੰਘ ਅਤੇ ਡੀਨ ਆਫ਼ ਸਪੋਰਟਸ ਪ੍ਰੋ. ਅਮਰੀਸ਼ ਖੁੱਲਰ ਦਾ ਵਿਸ਼ੇਸ਼ ਯੋਗਦਾਨ ਰਿਹਾ | ਸਮੂਹ ਵਿਦਿਆਰਥੀਆਂ ਅਤੇ ਸਾਰੇ ਕਾਲਜ ਸਟਾਫ਼ ਦੇ ਸਹਿਯੋਗ ਨਾਲ ਇਹ ਸਲਾਨਾ ਖੇਡ ਸਮਾਰੋਹ ਸਫਲਤਾ ਪੂਰਵਕ ਹੋ ਨਿਬੜਿਆ |