ਮਲੌਦ, 24 ਫਰਵਰੀ (ਦਿਲਬਾਗ ਸਿੰਘ ਚਾਪੜਾ)- ਮਲੌਦ ਬਲਾਕ ਦੇ ਪੰਚਾਇਤ ਅਫ਼ਸਰ ਪਵਿੱਤਰ ਸਿੰਘ ਨੂੰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਵਿਸ਼ੇਸ਼ ਸਕੱਤਰ ਉਮਾ ਸ਼ੰਕਰ ਗੁਪਤਾ ਦੇ ਹੁਕਮਾਂ ਅਨੁਸਾਰ ਕਮਿਸ਼ਨ ਮੰਗਣ ਦੇ ਦੋਸ਼ ਤਹਿਤ 11-2-2026 ਨੂੰ ਮੁਅੱਤਲ ਕੀਤਾ ਗਿਆ ਸੀ ਅਤੇ ਮੁਅੱਤਲੀ ਦੌਰਾਨ ਉਨ੍ਹਾਂ ਨੂੰ ਹੈੱਡ ਕੁਆਟਰ ਦਫ਼ਤਰ ਉਪ- ਮੁੱਖ ਕਾਰਜਕਾਰੀ ਅਫ਼ਸਰ, ਜ਼ਿਲ੍ਹਾ ਪ੍ਰੀਸ਼ਦ ਦਫ਼ਤਰ ਲੁਧਿਆਣਾ ਵਿਖੇ ਹਾਜ਼ਰ ਹੋਣ ਦੀ ਹਦਾਇਤ ਕੀਤੀ ਗਈ ਸੀ | ਪ੍ਰਾਪਤ ਜਾਣਕਾਰੀ ਅਨੁਸਾਰ ਕਰੀਬ 12-13 ਦਿਨ ਬੀਤ ਜਾਣ ਤੇ ਵੀ ਪੰਚਾਇਤ ਸਕੱਤਰ ਪਵਿੱਤਰ ਸਿੰਘ ਨੂੰ ਅਜੇ ਤੱਕ ਮਲੌਦ ਬਲਾਕ ਵਿਚੋਂ ਰਿਲੀਵ ਨਹੀਂ ਕੀਤਾ ਗਿਆ, ਜੋ ਕਿ ਵਿਭਾਗ ਦੇ ਵਿਸ਼ੇਸ਼ ਸਕੱਤਰਾਂ ਦੇ ਹੁਕਮਾਂ ਦੀ ਅਣਦੇਖੀ ਕਹੀ ਜਾ ਸਕਦੀ ਹੈ | ਇਸ ਸਬੰਧੀ ਪੱਖ ਜਾਣਨ ਲਈ ਬੀ.ਡੀ.ਪੀ.ਓ. ਮਲੌਦ ਸੁਖਜੀਤ ਕੌਰ ਨੂੰ ਬਾਰ ਬਾਰ ਉਨ੍ਹਾਂ ਦੇ ਫ਼ੋਨ 'ਤੇ ਫ਼ੋਨ ਕੀਤਾ ਗਿਆ ਅਤੇ ਇਕ ਪੱਤਰਕਾਰ ਵਲੋਂ ਦਫ਼ਤਰ ਜਾ ਕੇ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨੇ ਨਾਂ ਤਾਂ ਫ਼ੋਨ 'ਤੇ ਕੋਈ ਜੁਆਬ ਦਿਤਾ ਅਤੇ ਨਾ ਹੀ ਮੌਕੇ ਉੱਪਰ ਗਏ ਪੱਤਰਕਾਰ ਨੂੰ ਵੀਡੀਓ ਕਾਨਫ਼ਰੰਸ ਦੀ ਗੱਲ ਆਖ ਕੇ ਕੋਈ ਸਪਸ਼ਟੀਕਰਨ ਦਿਤਾ ਗਿਆ | ਇਹ ਵੀ ਪਤਾ ਲੱਗਾ ਹੈ ਕਿ ਉਕਤ ਪੰਚਾਇਤ ਅਫ਼ਸਰ ਨੂੰ ਬਤੌਰ ਸਕੱਤਰ ਵੀ ਕੁੱਝ ਪਿੰਡਾਂ ਦੇ ਕੰਮ ਕਰਨ ਦੇ ਆਰਡਰ ਜਾਰੀ ਹੋ ਚੁੱਕੇ ਸਨ | ਇੱਥੇ ਹੀ ਬਸ ਨਹੀਂ ਸੋਸ਼ਲ ਮੀਡੀਏ ਉੱਪਰ ਉਕਤ ਪੰਚਾਇਤ ਅਫ਼ਸਰ ਦਾ ਨੌਕਰੀ ਪ੍ਰਾਪਤ ਕਰਨ ਲਈ ਜਾਂ ਕਿਸੇ ਹੋਰ ਮਸਲੇ ਲਈ ਬਣਿਆ ਹੋਇਆ ਹੈਂਡੀਕੈਪਡ ਸਰਟੀਫਿਕੇਟ ਵੀ ਘੁੰਮ ਰਿਹਾ ਹੈ | ਉਕਤ ਪੰਚਾਇਤ ਅਫ਼ਸਰ ਦੀ ਪਹੁੰਚ ਹੀ ਅਜਿਹੀ ਹੈ ਕਿ ਮੁਅੱਤਲ ਹੋਣ ਦੇ ਬਾਵਜੂਦ ਵੀ ਉਹ ਆਪਣੇ ਪਹਿਲੇ ਸਟੇਸ਼ਨ 'ਤੇ ਹੀ ਬੈਠੇ ਹਨ | ਜ਼ਿਕਰਯੋਗ ਹੈ ਕਿ ਇਕ ਸਰਪੰਚ ਵੱਲੋਂ ਲਗਾਏ ਕਮਿਸ਼ਨ ਮੰਗਣ ਦੇ ਕਥਿਤ ਦੋਸ਼ਾਂ 'ਤੇ ਇੱਕ ਜ਼ਿਲ੍ਹਾ ਪ੍ਰਧਾਨ ਦੀ ਸਿਫ਼ਾਰਿਸ਼ ਉੱਪਰ ਸਬੰਧਿਤ ਮੰਤਰੀ ਦੀ ਹਦਾਇਤ ਤੇ ਵਿਭਾਗ ਵਿਸ਼ੇਸ਼ ਸਕੱਤਰ ਵਲੋਂ ਮੁਅੱਤਲੀ ਦੇ ਹੁਕਮ ਜਾਰੀ ਹੋਏ ਹਨ, ਪਰ ਹੁਣ ਹੈਰਾਨੀ ਦੀ ਗੱਲ ਇਹ ਹੈ ਕਿ ਸਰਪੰਚ, ਜ਼ਿਲ੍ਹਾ ਪ੍ਰਧਾਨ, ਕੈਬਨਿਟ ਮੰਤਰੀ ਅਤੇ ਵਿਸ਼ੇਸ਼ ਸਕੱਤਰ ਤੋਂ ਵੱਡੀ ਉਹ ਕਿਹੜੀ ਪਾਵਰ ਹੈ, ਜਿਸ ਕਾਰਣ ਬੀ.ਡੀ.ਪੀ.ਓ. ਮਲੌਦ ਵਲੋਂ ਅਜੇ ਤੱਕ ਪੰਚਾਇਤ ਅਫ਼ਸਰ ਨੂੰ ਰਿਲੀਵ ਨਹੀਂ ਕੀਤਾ ਗਿਆ |