ਮਲੌਦ, 3 ਮਾਰਚ (ਦਿਲਬਾਗ ਸਿੰਘ ਚਾਪੜਾ)-ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਪਾਇਲ ਦੇ ਇੰਚਾਰਜ ਮਨਜੀਤ ਸਿੰਘ ਮਦਨੀਪੁਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਨਵੀਆਂ ਬਣੀਆਂ ਸੜਕਾਂ ਦੀ ਪੋਲ ਖੋਲ੍ਹਦਿਆਂ ਕਿਹਾ ਕਿ ਹਲਕਾ ਪਾਇਲ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਆਏ ਦਿਨ ਹਲਕੇ ਵਿੱਚ ਨਵੀਆਂ ਸੜਕਾਂ ਬਣਾਉਣ ਦੀਆਂ ਸੋਸ਼ਲ ਮੀਡੀਏ ਉੱਪਰ ਬਿਆਨਬਾਜ਼ੀਆਂ ਕਰਦੇ ਰਹਿੰਦੇ ਹਨ ਅਤੇ ਉਨ੍ਹਾਂ ਵੱਲੋਂ ਸਭ ਤੋਂ ਵੱਧ ਪ੍ਰਚਾਰ ਪਾਇਲ ਤੋਂ ਵਾਇਆਂ ਮਲੌਦ ਕੁੱਪ ਕਲਾਂ ਸੜਕ ਦਾ ਕੀਤਾ ਜਾਂਦਾ ਰਿਹਾ ਹੈ, ਪਰ ਉਸ ਸੜਕ ਦੀ ਨਵੀਂ ਬਣਨ ਤੋਂ ਬਾਅਦ ਇਕ ਵਾਰ ਪੈਚਵਰਕ ਕਰਵਾ ਕਿ ਲਿਪਾ ਪੋਚੀ ਵੀ ਕੀਤੀ ਜਾ ਚੁੱਕੀ ਹੈ, ਪਰ ਹੁਣ ਫਿਰ ਇਹ ਸੜਕ ਥਾਂ ਥਾਂ ਤੋਂ ਟੁੱਟ ਚੁੱਕੀ ਹੈ ਅਤੇ ਡੂੰਘੇ ਟੋਏ ਪੈ ਚੁੱਕੇ ਹਨ | ਉਨ੍ਹਾਂ ਕਿਹਾ ਕਿ ਖ਼ੁਦ ਨੂੰ ਇਮਾਨਦਾਰ ਅਤੇ ਬਾਕੀ ਸਾਰਿਆਂ ਨੂੰ ਘਪਲੇਬਾਜ਼ ਜਾਂ ਭਿ੍ਸ਼ਟ ਦੱਸਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਬਣੀ ਇਹ ਸੜਕ ਪੈਚਵਰਕਰਾਂ ਦੇ ਬਾਵਜੂਦ ਟੁੱਟਣ ਪਿੱਛੇ ਕੋਣ ਕਸੂਰਵਾਰ ਹੈ ਅਤੇ ਇਹ ਕੀ ਘਪਲੇਬਾਜ਼ੀ ਹੈ, ਇਸ ਦੀ ਜਾਂਚ ਜ਼ਰੂਰੀ ਹੈ | ਅਕਾਲੀ ਆਗੂ ਨੇ ਕਿਹਾ ਕਿ 2027 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਤੇ ਅਖੌਤੀ ਕੱਟੜ ਇਮਾਨਦਾਰਾਂ ਦੀ ਇਮਾਨਦਾਰੀ ਦੇ ਕੱਚੇ ਚਿੱਠੇ ਜੱਗ ਜ਼ਾਹਿਰ ਕਰਕੇ ਲੋਕਾਂ ਦੀ ਕਚਹਿਰੀ ਵਿਚ ਲੇਖਾ ਜੋਖਾ ਪੇਸ਼ ਕੀਤਾ ਜਾਵੇਗਾ |