ਕੁਹਾੜਾ, 7 ਮਾਰਚ (ਸੰਦੀਪ ਸਿੰਘ ਕੁਹਾੜਾ)-ਬੀ. ਐੱਡ. ਅਧਿਆਪਕ ਫ਼ਰੰਟ ਦੇ ਸੂਬਾ ਪ੍ਰਧਾਨ ਹਰਵਿੰਦਰ ਸਿੰਘ ਬਿਲਗਾ ਤੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਚੀਮਾ ਨੇ ਕਿਹਾ ਕਿ ਪਿਛਲੇ 20 ਸਾਲਾ ਤੋਂ ਪੰਜਾਬ ਵਿਚ ਬਣੀਆਂ ਵੱਖ-ਵੱਖ ਸਰਕਾਰਾਂ ਕੰਪਿਊਟਰ ਤੇ ਐਸੋਸੀਏਟ ਅਧਿਆਪਕਾਂ ਦਾ ਲਗਾਤਾਰ ਸ਼ੋਸ਼ਣ ਕਰਦੀਆਂ ਆ ਰਹੀਆਂ ਹਨ | ਉਨ੍ਹਾਂ ਕਿਹਾ ਕਿ ਕੰਪਿਊਟਰ ਅਧਿਆਪਕਾਂ ਨੂੰ ਆਈ. ਸੀ. ਟੀ. ਨਾਮ ਦੀ ਸ਼ਾਖਾ ਅਧੀਨ ਰੱਖਿਆ ਗਿਆ ਤੇ ਕਈ ਅਧਿਆਪਕਾ ਨੂੰ ਸਿੱਖਿਆ ਕਰਮੀ, ਐੱਸ. ਟੀ. ਆਰ. ਅਲੱਗ ਅਲੱਗ ਨਾਮਾਂ ਅਧੀਨ ਬਹੁਤ ਨਿਗੁਣੀਆਂ ਤਨਖ਼ਾਹਾਂ 'ਤੇ ਰੱਖਿਆ ਗਿਆ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸੱਤਾ ਵਿਚ ਆਉਂਦਿਆਂ ਹੀ ਕੰਪਿਊਟਰ ਅਧਿਆਪਕਾਂ ਨੂੰ ਛੇਵੇਂ ਪੇ ਕਮਿਸ਼ਨ ਤੇ ਸੀ. ਐੱਸ. ਆਰ. ਰੂਲ ਦਾ ਤੋਹਫ਼ਾ ਦੇਣ ਦਾ ਵਾਅਦਾ ਕੀਤਾ ਜੋ ਪੁਰਾਣੀ ਪੈਨਸ਼ਨ ਦੇ ਨੋਟੀਫ਼ਿਕੇਸ਼ਨ ਵਾਂਗ ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਵੀ ਅਧੂਰਾ ਹੈ | ਜਸਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਨ੍ਹਾਂ ਅਧਿਆਪਕਾਂ ਨੂੰ ਰੈਗੂਲਰ ਕਰਨ ਦੀ ਥਾਂ ਸਿਰਫ਼ ਤਨਖ਼ਾਹ ਵਿਚ ਹੀ ਵਾਧਾ ਕੀਤਾ | ਪਰ ਇਨ੍ਹਾਂ ਅਧਿਆਪਕਾਂ ਨੂੰ ਰੈਗੂਲਰ ਅਧਿਆਪਕਾਂ ਵਾਂਗ ਸਹੂਲਤਾਂ ਨਹੀਂ ਦਿੱਤੀਆਂ | ਜਿਸ ਕਾਰਨ ਇਹ ਅਧਿਆਪਕ ਆਪਣੇ ਆਪ ਨੂੰ ਠਗਿਆ ਮਹਿਸੂਸ ਕਰ ਰਹੇ ਹਨ | ਸੂਬਾ ਪ੍ਰਧਾਨ ਹਰਵਿੰਦਰ ਸਿੰਘ ਬਿਲਗਾ ਨੇ ਕਿਹਾ ਕਿ ਬੀ. ਐੱਡ. ਅਧਿਆਪਕ ਫ਼ਰੰਟ ਪੰਜਾਬ ਦੇ ਕੰਪਿਊਟਰ ਅਧਿਆਪਕਾਂ ਵਲੋਂ 8 ਮਾਰਚ ਨੂੰ ਵਿਧਾਨ ਸਭਾ 'ਤੇ ਘਿਰਾਓ ਤੇ ਐਸੋਸੀਏਟ ਅਧਿਆਪਕਾਂ ਵਲੋਂ ਕੀਤੇ ਜਾ ਰਹੇ ਹਰ ਸੰਘਰਸ਼ ਵਿੱਚ ਉਨ੍ਹਾਂ ਦੇ ਨਾਲ ਖੜ੍ਹਾ ਹੈ ਤੇ ਆਉਣ ਵਾਲੇ ਸਮੇਂ ਉਨ੍ਹਾਂ ਦੇ ਹਰ ਸੰਘਰਸ਼ ਵਿਚ ਉਨ੍ਹਾਂ ਦਾ ਸਾਥ ਦਿੱਤਾ ਜਾਵੇਗਾ |