ਮਾਛੀਵਾੜਾ ਸਾਹਿਬ, 7 ਮਾਰਚ (ਰਾਜਦੀਪ ਸਿੰਘ ਅਲਬੇਲਾ)-ਸਥਾਨਕ ਪੁਲਿਸ ਵਲੋਂ ਸ਼ਤਾਬਗੜ੍ਹ ਵਿਖੇ ਸ਼੍ਰੋਮਣੀ ਅਕਾਲੀ ਦਲ ਅਤੇ 'ਆਪ' ਸਮਰਥਕਾਂ ਵਿਚਕਾਰ ਹੋਈ ਖ਼ੂਨੀ ਲੜਾਈ ਦੌਰਾਨ ਦੋਵਾਂ ਧਿਰਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ 15 ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ | ਹਸਪਤਾਲ ਵਿਚ ਜੇਰੇ ਇਲਾਜ ਪਿੰਡ ਦੇ ਸਰਪੰਚ ਮਨਜੀਤ ਸਿੰਘ ਨੇ ਬਿਆਨ ਦਰਜ ਕਰਵਾਉਂਦਿਆਂ ਦੱਸਿਆ ਕਿ ਉਹ ਆਪਣੀ ਗੱਡੀ 'ਤੇ ਸਵਾਰ ਹੋ ਕੇ ਜਾ ਰਿਹਾ ਸੀ ਕਿ ਪਿੰਡ ਦੇ ਹੀ ਮਹਿੰਗਾ ਸਿੰਘ ਜਿਸ ਨੇ ਕਿ ਮੇਰੇ ਵਾਹਨ ਅੱਗੇ ਆਪਣੀ ਗੱਡੀ ਲਗਾ ਕੇ ਰੋਕਣ ਦੀ ਕੋਸ਼ਿਸ਼ ਕੀਤੀ | ਇਸ ਦੌਰਾਨ ਮੇਰੀ ਗੱਡੀ ਦਾ ਸਾਈਡ ਵਾਲਾ ਸ਼ੀਸ਼ਾ ਟੁੱਟ ਗਿਆ ਅਤੇ ਉੱਪਰੋਂ ਉੱਥੇ ਖੜੇ ਮਹਿੰਗਾ ਸਿੰਘ ਤੇ ਲਾਭ ਸਿੰਘ ਜੋ ਕਿ ਮੈਨੂੰ ਗਾਲੀ ਗਲੋਚ ਕਰਨ ਲੱਗ ਪਏ | ਜਦੋਂ ਤਕਰਾਰਬਾਜ਼ੀ ਵਧੀ ਤਾਂ ਮਹਿੰਗਾ ਸਿੰਘ ਨੇ ਗੱਡੀ 'ਚੋਂ ਲੋਹੇ ਵਾਲਾ ਖ਼ੰਜਰ ਕੱਢ ਮੈਨੂੰ ਮਾਰਨ ਲੱਗਾ ਪਰ ਉਸ ਦੌਰਾਨ ਇਕੱਠੇ ਲੋਕਾਂ ਨੇ ਹਟਾ ਦਿੱਤਾ | ਝਗੜੇ ਦੀ ਸੂਚਨਾ ਮਿਲਣ 'ਤੇ ਸਰਪੰਚ ਮਨਜੀਤ ਸਿੰਘ ਦਾ ਲੜਕਾ ਗੁਰਨੂਰ ਸਿੰਘ, ਭਰਾ ਜੋਰਾ ਸਿੰਘ ਤੇ ਮਲਕੀਤ ਸਿੰਘ ਵੀ ਪੁੱਜ ਗਏ ਜਿਨ੍ਹਾਂ ਦੂਜੀ ਧਿਰ ਨੂੰ ਪੁੱਛਿਆ ਕਿ ਉਹ ਗਾਲੀ-ਗਲੋਚ ਕਿਉਂ ਕਰ ਰਹੇ ਹਨ | ਇਸ ਦੌਰਾਨ ਦੂਜੀ ਧਿਰ ਦੇ ਆਸ਼ਾ ਕੌਰ, ਸਵਰਨ ਕੌਰ, ਮਲਕੀਤ ਸਿੰਘ, ਸੁਰਜੀਤ ਸਿੰਘ, ਮਹਿੰਗਾ ਸਿੰਘ, ਸੁਖਚੈਨ ਸਿੰਘ ਅਤੇ ਕੁੱਝ ਹੋਰ ਅਣਪਛਾਤੇ ਨੌਜਵਾਨ ਆਏ ਜਿਨ੍ਹਾਂ ਨੇ ਹਥਿਆਰਾਂ ਸਮੇਤ ਉਨ੍ਹਾਂ ਉੱਪਰ ਹਮਲਾ ਕਰ ਦਿੱਤਾ | ਇਸ ਖ਼ੂਨੀ ਝੜਪ ਵਿਚ ਉਹ ਸਾਰੇ ਜ਼ਖ਼ਮੀ ਹੋ ਗਏ ਅਤੇ ਵਿਰੋਧੀ ਧਿਰ ਧਮਕੀਆਂ ਦਿੰਦੀ ਫ਼ਰਾਰ ਹੋ ਗਈ | ਮਾਛੀਵਾੜਾ ਪੁਲਸ ਨੇ ਮਨਜੀਤ ਸਿੰਘ ਦੇ ਬਿਆਨਾਂ ਦੇ ਅਧਾਰ 'ਤੇ ਮਹਿੰਗਾ ਸਿੰਘ, ਕਰਨੈਲ ਸਿੰਘ, ਆਸ਼ਾ ਕੌਰ, ਸਵਰਨ ਕੌਰ, ਮਲਕੀਤ ਸਿੰਘ, ਸੁਰਜੀਤ ਸਿੰਘ, ਸੁਖਚੈਨ ਸਿੰਘ, ਲਾਭ ਸਿੰਘ ਅਤੇ ਇੱਕ ਹੋਰ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਦੂਜੀ ਧਿਰ ਦੇ ਸੁਰਜੀਤ ਸਿੰਘ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਕਿ ਸਾਡੇ ਮਕਾਨ ਨੇੜੇ ਹੀ ਪ੍ਰਾਈਵੇਟ ਡਾਕਟਰ ਦਾ ਕਲੀਨਿਕ ਹੈ ਜਿੱਥੇ ਉਸ ਨੇ ਆਪਣੀ ਕਾਰ ਖੜ੍ਹੀ ਕੀਤੀ ਸੀ | ਪਿੰਡ ਦਾ ਸਰਪੰਚ ਮਨਜੀਤ ਸਿੰਘ ਆਪਣੀ ਕਾਰ ਲੈ ਕੇ ਆਇਆ ਜਿਸ ਨੇ ਉਸ ਦੀ ਗੱਡੀ ਨਾਲ ਟਕਰਾ ਕੇ ਸ਼ੀਸ਼ਾ ਤੋੜ ਦਿੱਤਾ ਅਤੇ ਫਿਰ ਗਾਲੀ-ਗਲੋਚ ਕਰਦਿਆਂ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ | ਮੌਕੇ 'ਤੇ ਲੋਕਾਂ ਨੇ ਇਹ ਝਗੜਾ ਛੁਡਵਾ ਦਿੱਤਾ ਪਰ ਇਸ ਦੌਰਾਨ ਸਰਪੰਚ ਮਨਜੀਤ ਸਿੰਘ ਦਾ ਲੜਕਾ ਤੇ ਉਸ ਦੇ ਭਰਾ ਆ ਗਏ ਜਿਸ ਨੇ ਮਕਾਨ ਅੰਦਰ ਦਾਖਲ ਹੋ ਕੇ ਹੱਥ ਵਿਚ ਫੜੇ ਹਥਿਆਰਾਂ ਨਾਲ ਹਮਲਾ ਕੀਤਾ | ਇਸ ਝਗੜੇ ਵਿਚ ਉਹ ਖ਼ੁਦ ਜ਼ਖ਼ਮੀ ਹੋ ਗਿਆ ਅਤੇ ਉਸ ਦੀ ਪਤਨੀ ਆਸ਼ਾ ਦੇ ਵੀ ਸੱਟਾਂ ਲੱਗੀਆਂ | ਦੋਵਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ | ਪੁਲਿਸ ਨੇ ਇਸ ਮਾਮਲੇ ਵਿਚ ਮਨਜੀਤ ਸਿੰਘ, ਮਲਕੀਤ ਸਿੰਘ, ਗੁਰਨੂਰ ਸਿੰਘ, ਜਪਨੂਰ ਸਿੰਘ, ਹਨੀ ਸਿੰਘ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ | ਥਾਣਾ ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਦੋਵੇਂ ਧਿਰਾਂ ਇਲਾਜ ਅਧੀਨ ਹਨ ਅਤੇ ਹਸਪਤਾਲ ਤੋਂ ਛੁੱਟੀ ਹੋਣ ਉਪਰੰਤ ਇਨ੍ਹਾਂ ਦੀ ਗਿ੍ਫ਼ਤਾਰੀ ਦੀ ਪ੍ਰਕਿਰਿਆ ਅਮਲ ਵਿਚ ਲਿਆਂਦੀ ਜਾਵੇਗੀ |