ਮਾਛੀਵਾੜਾ ਸਾਹਿਬ, 9 ਮਾਰਚ (ਮਨੋਜ ਕੁਮਾਰ)-ਸੂਬੇ ਦੀ ਮਾਨ ਸਰਕਾਰ ਦੁਆਰਾ ਪੇਸ਼ ਬਜਟ ਸਹੀ ਅਰਥਾਂ ਵਿਚ ਲੋਕਾਂ ਦੀ ਕਚਹਿਰੀ ਵਿਚ ਆਖ਼ਰੀ ਤੇ ਖੋਖਲਾ ਬਜਟ ਹੈ ਤੇ ਇਸ ਤੋਂ ਬਾਅਦ ਸੂਬੇ ਦੇ ਲੋਕ ਇਸ ਸਰਕਾਰ ਨੂੰ ਕੋਈ ਹੋਰ ਬਜਟ ਪੇਸ਼ ਕਰਨ ਦਾ ਮੌਕਾ ਨਹੀ ਦੇਣਗੇ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਵਿਧਾਨ ਸਭਾ ਹਲਕਾ ਸਮਰਾਲਾ ਦੇ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਨੇ ਖ਼ਾਸ ਤੌਰ 'ਤੇ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਸਰਕਾਰ ਨੇ ਸਿਰਫ਼ ਲੋਲੀਪੋਪ ਦਿੱਤਾ ਹੈ ਤੇ ਵਿਕਾਸ ਦੇ ਨਾਂ 'ਤੇ ਲੋਕਾ ਦੇ ਜਜਬਾਤਾਂ ਨਾਲ ਖੇਡਿਆ ਹੈ | ਅੱਜ ਸ਼ਾਇਦ ਹੀ ਕੋਈ ਅਜਿਹਾ ਦਿਨ ਹੋਵੇ ਜਦੋਂ ਕਿਤੇ ਨਾ ਕਿਤੇ ਗੋਲੀ ਨੇ ਆਮ ਵਿਅਕਤੀ ਦੀ ਛਾਤੀ ਨੂੰ ਖੂਨ ਵਿਚ ਨਾ ਰੰਗਿਆ ਹੋਵੇ | ਜਿਸ ਸਰਕਾਰ ਨੇ ਪਿਛਲੇ ਚਾਰ ਸਾਲਾਂ ਵਿਚ ਪੰਜਾਬ ਨੂੰ ਗੱਪਾਂ ਤੇ ਆਮ ਲੋਕਾਂ ਨੂੰ ਗੋਲੀਆਂ ਦਿੱਤੀਆਂ ਹੋਣ ਤੇ ਗੈਂਗਸਟਰਵਾਦ ਨੂੰ ਵਧਾਇਆ ਹੋਵੇ, ਉਹ ਮਹਿਜ਼ ਕੁੱਝ ਮਹੀਨਿਆਂ ਵਿਚ ਹੋਰ ਕੀ ਸੁਧਾਰ ਸਕਦੀ ਹੈ | ਇਸ ਤੋਂ ਇਲਾਵਾ ਸ਼ਾਇਦ ਇਹ ਪਹਿਲੀ ਸਰਕਾਰ ਹੈ ਜਿਸ ਨੇ ਮਹਿਲਾਵਾਂ ਨੂੰ ਪੈਸੇ ਦੇਣ ਦੇ ਨਾਮ 'ਤੇ ਇਸ ਅਜੋਕੇ ਯੁੱਗ ਵਿਚ ਸ਼ਰੇਆਮ ਜਾਤੀ ਭੇਦਭਾਵ ਦੀ ਮਿਸਾਲ ਪੈਦਾ ਕੀਤੀ | ਅੱਜ ਸੂਬੇ ਦੀਆਂ ਮਹਿਲਾਵਾਂ ਨੂੰ ਪੈਸੇ ਨਾਲੋਂ ਸੁਰੱਖਿਅਤ ਮਾਹੌਲ ਦੀ ਜ਼ਿਆਦਾ ਲੋੜ ਹੈ ਤੇ ਜਿਸ ਵਿਚ ਇਹ ਸਰਕਾਰ ਪੂਰੀ ਤਰ੍ਹਾਂ ਫ਼ੇਲ੍ਹ ਸਾਬਤ ਹੋਈ ਹੈ |