ਬੀਜਾ, 10 ਮਾਰਚ (ਅਵਤਾਰ ਸਿੰਘ ਜੰਟੀ ਮਾਨ)- ਗੁਰਦੁਆਰਾ ਸ੍ਰੀ ਮੰਜੀ ਸਾਹਿਬ ਕੋਟਾਂ ਦੇ ਨਜ਼ਦੀਕ ਵਾਪਰੇ ਦਰਦਨਾਕ ਸੜਕ ਹਾਦਸੇ ਦੌਰਾਨ ਮਾਤਾ ਗੰਗਾ ਖ਼ਾਲਸਾ ਕਾਲਜ ਮੰਜੀ ਸਾਹਿਬ ਕੋਟਾਂ ਦੇ ਬੀ. ਏ. ਭਾਗ -11 ਦੇ 21 ਸਾਲਾ ਵਿਦਿਆਰਥੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਮਿ੍ਤਕ ਨੌਜਵਾਨ ਦੀ ਪਹਿਚਾਣ ਸ਼ਰਨਜੀਤ ਸਿੰਘ ਉਰਫ਼ ਸਨੀ ਪੁੱਤਰ ਸਿਕੰਦਰ ਸਿੰਘ ਵਾਸੀ ਮਾਂਗਟ ਵਜੋਂ ਹੋਈ ਹੈ | ਮੌਜੂਦਾ ਸਮੇਂ ਵਿੱਚ ਮਿ੍ਤਕ ਨੌਜਵਾਨ ਆਪਣੇ ਨਾਨਕੇ ਪਿੰਡ ਬੇਗੋਵਾਲ ਵਿਖੇ ਰਹਿ ਰਿਹਾ ਸੀ | ਇਸ ਮਾਮਲੇ ਸਬੰਧੀ ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਜਸਦੇਵ ਸਿੰਘ ਪੁੱਤਰ ਜਗਦੀਸ਼ ਸਿੰਘ ਵਾਸੀ ਰਾਮਗੜ੍ਹ ਰੋਡ ਕੋਹਾੜਾ ਦੇ ਮੋਟਰਸਾਈਕਲ 'ਤੇ ਕਾਲਜ ਤੋ ਛੁੱਟੀ ਕਰਕੇ ਆਪਣੇ ਘਰ ਨੂੰ ਜਾ ਰਿਹਾ ਸੀ ਜਿਸਨੂੰ ਜਸਦੇਵ ਸਿੰਘ ਚਲਾ ਰਿਹਾ ਸੀ ਤੇ ਜਦੋਂ ਕਾਲਜ ਤੋ ਕਰੀਬ 200 ਮੀਟਰ ਦੀ ਦੂਰੀ 'ਤੇ ਸਰਵਿਸ ਲਾਈਨ ਰਾਹੀ ਸੀ. ਐਨ. ਜੀ. ਪੈਟਰੋਲ ਪੰਪ ਕੋਲ ਪੁੱਜੇ ਤਾਂ ਗੈਸ ਪਵਾ ਕੇ ਆ ਰਿਹਾ ਟੈਕਰ ਨੰਬਰ ਡੀ. ਐਲ. - ਆਈ. ਜੀ ਈ. 5138 ਨੇ ਮੋਟਰਸਾਈਕਲ 'ਚ ਜ਼ੋਰਦਾਰ ਟੱਕਰ ਮਾਰੀ ਜਿਸ ਕਾਰਨ ਮੋਟਰਸਾਈਕਲ 'ਤੇ ਪਿੱਛੇ ਬੈਠੇ ਸ਼ਰਨਜੀਤ ਸਿੰਘ ਸਨੀ ਦੇ ਸਿਰ ਉਪਰ ਦੀ ਕੈਂਟਰ ਲੰਘ ਗਿਆ, ਜਿਸਦੀ ਮੌਕੇ 'ਤੇ ਹੀ ਮੌਤ ਹੋ ਗਈ | ਹਾਦਸੇ ਤੋ ਤੁਰੰਤ ਬਾਅਦ ਕਾਲਜ ਦੇ ਪਿ੍ੰਸੀਪਲ ਡਾ. ਗਗਨਦੀਪ ਸਿੰਘ ਤੇ ਹੋਰ ਸਟਾਫ਼ ਨੇ ਮੌਕੇ 'ਤੇ ਪੁੱਜ ਕੇ ਡਰਾਈਵਰ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਤੇ ਮਿ੍ਤਕ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਹਮਦਰਦੀ ਪ੍ਰਗਟਾਈ | ਹਾਦਸਾ ਵਾਪਰਨ ਤੋ ਬਾਅਦ ਕੈਂਟਰ ਦਾ ਡਰਾਈਵਰ ਮੌਕੇ ਤੋ ਫ਼ਰਾਰ ਹੋ ਗਿਆ |