ਕੁਹਾੜਾ, 10 ਮਾਰਚ (ਸੰਦੀਪ ਸਿੰਘ ਕੁਹਾੜਾ)-ਬੀ. ਐੱਡ ਅਧਿਆਪਕ ਫ਼ਰੰਟ ਦੇ ਸੂਬਾ ਪ੍ਰਧਾਨ ਹਰਵਿੰਦਰ ਸਿੰਘ ਬਿਲਗਾ ਤੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਚੀਮਾ ਨੇ ਕਿਹਾ ਕਿ ਟੈੱਟ ਦੇ ਮਸਲੇ ਨੂੰ ਗੰਭੀਰਤਾ ਨਾਲ ਨਾ ਲੈਣ ਕਰਕੇ ਸਾਂਝੇ ਮੋਰਚੇ ਤੇ ਸਹਿਯੋਗੀ ਜਥੇਬੰਦੀਆਂ ਵੱਲੋਂ 12 ਮਾਰਚ ਨੂੰ ਵਿਧਾਨ ਸਭਾ ਦਾ ਘਿਰਾਓ ਕੀਤਾ ਜਾਵੇਗਾ | ਆਗੂਆਂ ਨੇ ਕਿਹਾ ਕਿ ਪਿਛਲੇ ਹਫ਼ਤੇ ਜਥੇਬੰਦੀਆਂ ਦੀ ਜੋ ਸਿੱਖਿਆ ਮੰਤਰੀ ਨਾਲ ਮੀਟਿੰਗ ਹੋਈ ਸੀ, ਉਸ ਵਿੱਚ ਉਨ੍ਹਾਂ ਸਪਸ਼ਟ ਕੀਤਾ ਸੀ ਕਿ ਟੈਟ ਮਸਲੇ ਤੇ ਉਹ ਵਿਧਾਨ ਸਭਾ ਵਿੱਚ ਕੋਈ ਬਿੱਲ ਲੈ ਕੇ ਆਉਣਗੇ | ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਹੈ ਪਰ ਟੈੱਟ ਦੇ ਮਾਮਲੇ ਤੇ ਸਰਕਾਰ ਅਜੇ ਕੁੱਝ ਵੀ ਕਰਦੀ ਦਿਖਾਈ ਨਹੀਂ ਦੇ ਰਹੀ | ਜ਼ਿਲ੍ਹਾ ਕਮੇਟੀ ਮੈਂਬਰ ਜਸਵਿੰਦਰ ਸਿੰਘ ਨੇ ਕਿਹਾ ਸਰਕਾਰ ਨੇ ਜੋ ਟੈੱਟ ਦਾ 8 ਮਾਰਚ ਨੂੰ ਪੇਪਰ ਲੈਣਾ ਸੀ ਉਸ ਬਾਰੇ ਸਰਕਾਰ ਦੀ ਤਿਆਰੀ ਪੂਰੀ ਨਾ ਹੋਣ ਕਾਰਨ ਸਰਕਾਰ ਨੂੰ ਹਾਈ ਕੋਰਟ ਵਿੱਚ ਵੀ ਨਮੋਸ਼ੀ ਝੱਲਣੀ ਪਈ ਤੇ ਪੇਪਰ ਲੈਣ ਦਾ ਫ਼ੈਸਲਾ ਵਾਪਿਸ ਲੈਣਾ ਪਿਆ | ਉਨ੍ਹਾਂ ਕਿਹਾ ਕਿ ਟੈੱਟ ਮਾਮਲੇ ਤੇ ਸਰਕਾਰ ਦੀ ਨੀਅਤ ਸਾਫ਼ ਨਹੀਂ ਲੱਗਦੀ | ਜਿਸ ਕਾਰਨ ਪੰਜਾਬ ਦੇ ਹਜ਼ਾਰਾਂ ਅਧਿਆਪਕਾ ਨੂੰ ਮਾਨਸਿਕ ਤਣਾਓ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸੂਬਾ ਪ੍ਰਧਾਨ ਹਰਵਿੰਦਰ ਸਿੰਘ ਬਿਲਗਾ ਨੇ ਕਿਹਾ ਜਿਸ ਤਰਾ ਸਰਕਾਰ ਨੇ 8 ਮਾਰਚ ਦੇ ਘਿਰਾਓ ਦੌਰਾਨ ਮੁਲਾਜ਼ਮਾਂ ਤੇ ਡਾਂਗਾਂ ਵਰਾਈਆਂ ਹਨ, ਉਸ ਦਾ ਜਵਾਬ ਪੰਜਾਬ ਦੀਆਂ ਸਮੂਹ ਜਥੇਬੰਦੀਆਂ ਵੱਲੋਂ 12 ਮਾਰਚ ਦੇ ਵਿਧਾਨ ਸਭਾ ਘਿਰਾਓ ਦੌਰਾਨ ਦਿੱਤਾ ਜਾਵੇਗਾ |