ਜੌੜੇਪੁਲ ਜਰਗ, 10 ਮਾਰਚ (ਪਾਲਾ ਰਾਜੇਵਾਲੀਆ)-ਪੰਜਾਬ ਨੰਬਰਦਾਰਾਂ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਪਰਮਿੰਦਰ ਸਿੰਘ ਗ਼ਾਲਿਬ ਤੇ ਆਲ ਇੰਡੀਆ ਨੰਬਰਦਾਰਾਂ ਐਸੋਸੀਏਸ਼ਨ ਦੇ ਕੌਮੀ ਜਨਰਲ ਸਕੱਤਰ ਆਲਮਜੀਤ ਸਿੰਘ ਚਕੋਹੀ ਨੂੰ ਵਧੀਆ ਸੇਵਾਵਾਂ ਬਦਲੇ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆਂ ਨੇ ਸਨਮਾਨਿਤ ਕੀਤਾ ਹੈ | ਪੰਜਾਬ ਵਿਚੋਂ ਗਿਣਵੇਂ ਵਿਅਕਤੀ ਜੋ ਸਮਾਜ ਲਈ ਵਧੀਆ ਕੰਮ ਕਰਨ ਵਾਲੇ ਅਤੇ ਬੁੱਧੀਜੀਵੀਆਂ ਨੂੰ ਸਨਮਾਨਿਤ ਕੀਤਾ ਗਿਆ ਹੈ | ਗ਼ਾਲਿਬ ਤੇ ਚਕੋਹੀ ਨੇ ਪੰਜਾਬ ਦੇ ਗਵਰਨਰ ਦਾ ਬਹੁਤ ਧੰਨਵਾਦ ਕੀਤਾ ਅਤੇ ਗਵਰਨਰ ਨੂੰ ਭਰੋਸਾ ਦਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਪੰਜਾਬ ਦੇ ਲੋਕਾਂ ਦੀ ਸੇਵਾ ਕਰਦੇ ਰਹਿਣਗੇ | ਗ਼ਾਲਿਬ ਤੇ ਚਕੋਹੀ ਨੇ ਗਵਰਨਰ ਨੂੰ ਦੱਸਿਆ ਕਿ ਭਗਵੰਤ ਮਾਨ ਦੀ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਵਿਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ, ਜਿਵੇਂ ਕਿ ਮਾਣ ਭੱਤਾ ਤਿੰਨ ਹਜਾਰ ਰੁਪਏ ਕਰਨਾ, ਨੰਬਰਦਾਰੀ ਜੱਦੀ ਪੁਸ਼ਤੀ ਕਰਨਾ, ਟੋਲ ਟੈਕਸ ਮਾਫ਼ ਕਰਨਾ ਅਤੇ ਬੱਸ ਪਾਸ ਦੇਣਾ ਤੇ ਹਰ ਤਹਿਸੀਲ ਕੰਪਲੈਕਸ ਵਿਚ ਨੰਬਰਦਾਰਾਂ ਦੇ ਬੈਠਣ ਲਈ ਕਮਰਾ ਅਲਾਟ ਕਰਨਾ ਵਾਅਦੇ ਕੀਤੇ ਗਏ ਸਨ | ਚਕੋਹੀ ਨੇ ਦੱਸਿਆ ਕਿ ਮਾਲ ਮੰਤਰੀ ਤੇ ਹੋਰ ਮੰਤਰੀਆਂ ਨੂੰ ਕਈ ਵਾਰ ਮਿਲ ਚੁੱਕੇ ਹਾਂ ਪਰ ਉਹ ਹਰ ਵਾਰ ਭਰੋਸਾ ਦਿੰਦੇ ਸਨ ਪਰ ਨੋਟੀਫ਼ਿਕੇਸ਼ਨ ਕਦੇ ਵੀ ਉਨ੍ਹਾਂ ਨੇ ਜਾਰੀ ਨਹੀਂ ਕੀਤਾ | ਗ਼ਾਲਿਬ ਤੇ ਚਕੋਹੀ ਉਨ੍ਹਾਂ ਨੇ ਪੰਜਾਬ ਦੇ ਗਵਰਨਰ ਸਾਬ ਨਾਲ ਗੱਲਬਾਤ ਕਰਦੇ ਹੋਏ ਗਵਰਨਰ ਨੂੰ ਦੱਸਿਆ ਕਿ ਨੰਬਰਦਾਰਾਂ ਦੀਆਂ ਮੰਗਾਂ ਜੋ ਕੇਂਦਰ ਸਰਕਾਰ ਨਾਲ ਗੱਲਬਾਤ ਕਰ ਕੇ ਹੱਲ ਕਰਵਾ ਸਕਦੇ ਹਨ ਰਾਸ਼ਟਰੀ ਮਾਰਗਾਂ 'ਤੇ ਟੋਲ ਟੈਕਸ ਤੋਂ ਛੂਟ ਤੇ ਸਿਹਤ ਬੀਮਾ ਦੀ ਵਿਵਸਥਾ ਕੀਤੀ ਜਾਵੇ |