ਮਾਛੀਵਾੜਾ ਸਾਹਿਬ, 10 ਮਾਰਚ (ਰਾਜਦੀਪ ਸਿੰਘ ਅਲਬੇਲਾ)-ਇਤਿਹਾਸਕ ਗੁਰਦੁਆਰਾ ਸ੍ਰੀ ਗਨੀ ਖਾਂ ਨਬੀ ਖਾਂ ਸਾਹਿਬ ਵਿਖੇ ਪੰਥ ਰਤਨ ਬਾਬਾ ਹਰਬੰਸ ਸਿੰਘ ਅਤੇ ਬਾਬਾ ਜਰਨੈਲ ਸਿੰਘ (ਕਾਰ ਸੇਵਾ ਦਿੱਲੀ ਵਾਲੇ) ਦੀ ਸਲਾਨਾ ਬਰਸੀ ਸੰਗਤਾਂ ਵਲੋਂ ਸ਼ਰਧਾ ਨਾਲ ਮਨਾਈ ਗਈ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਦੀਵਾਨ ਹਾਲ ਵਿਚ ਗੁਰਮਤਿ ਸਮਾਗਮ ਕਰਵਾਇਆ ਗਿਆ | ਸਮਾਗਮ ਦੌਰਾਨ ਵਿਸ਼ੇਸ਼ ਤੌਰ 'ਤੇ ਬਾਬਾ ਬਚਨ ਸਿੰਘ ਕਾਰ ਸੇਵਾ ਦਿੱਲੀ ਵਾਲੇ, ਬਾਬਾ ਮਹਿੰਦਰ ਸਿੰਘ, ਬਾਬਾ ਸੁਰਿੰਦਰ ਸਿੰਘ, ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ, ਬਾਬਾ ਸਤਨਾਮ ਸਿੰਘ ਨੰਦਗੜ੍ਹ ਵਾਲੇ, ਬਾਬਾ ਮੇਜਰ ਸਿੰਘ ਹਜ਼ੂਰ ਸਾਹਿਬ ਵਾਲੇ, ਬਾਬਾ ਲਖਵੀਰ ਸਿੰਘ ਲੱਖੀ, ਬਾਬਾ ਚਰਨ ਸਿੰਘ ਗੁਰੂ ਕਾ ਬਾਗ ਵਾਲੇ, ਬਾਬਾ ਸਰਵਣ ਸਿੰਘ ਰਸਾਲਦਾਰ ਮੁੱਖ ਸੇਵਾਦਾਰ ਗੁਰਦੁਆਰਾ ਸ੍ਰੀ ਕਿਰਪਾਨ ਭੇਟ ਸਾਹਿਬ ਪਹੁੰਚੇ ਅਤੇ ਰਾਗੀ, ਢਾਡੀ ਤੇ ਕਥਾਵਾਚਕਾਂ ਵਲੋਂ ਸੰਗਤ ਨੂੰ ਬਾਣੀ ਨਾਲ ਜੋੜਿਆ ਗਿਆ | ਲੁਧਿਆਣਾ ਤੋਂ ਪੰਥ ਦੇ ਪ੍ਰਸਿੱਧ ਕਥਾਵਾਚਕ ਭਾਈ ਸਰਬਜੀਤ ਸਿੰਘ ਨੇ ਸੰਤਾਂ, ਮਹਾਂਪੁਰਸ਼ਾਂ ਦੀਆਂ ਸਾਖੀਆਂ ਵੀ ਸੁਣਾਈਆਂ ਅਤੇ ਸੰਗਤ ਨੂੰ ਰੋਜ਼ਾਨਾ ਨਿੱਤਨੇਮ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ, ਹਰਜਤਿੰਦਰ ਸਿੰਘ ਬਾਜਵਾ ਸ਼੍ਰੋਮਣੀ ਕਮੇਟੀ ਮੈਂਬਰ, ਚਿੱਤਰਕਾਰ ਜਗਦੀਸ਼ ਸਿੰਘ ਬਰਾੜ, ਮੈਨੇਜਰ ਗੁਰਦੁਆਰਾ ਸ੍ਰੀ ਕਟਾਣਾ ਸਾਹਿਬ ਕੇਹਰ ਸਿੰਘ, ਅਕਾਲੀ ਦਲ ਸ਼ਹਿਰੀ ਪ੍ਰਧਾਨ ਜਸਪਾਲ ਸਿੰਘ ਜੱਜ, ਬਲਵੀਰ ਸਿੰਘ ਟਾਂਡਾ ਵੀ ਹਾਜ਼ਰ ਸਨ |