ਖੰਨਾ, 7 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਬੁਲੇ੍ਹਪੁਰ (ਖੰਨਾ) ਵਿਖੇ ਨਵੇਂ ਕੋਰਟ ਕੰਪਲੈਕਸ ਦੇ ਵਿਰੋਧ ਅਤੇ ਖੰਨਾ ਨੂੰ ਪੂਰਨ ਜ਼ਿਲ੍ਹਾ ਬਣਾਉਣ ਦੀ ਮੰਗ ਸਬੰਧੀ ਖੰਨਾ ਸੰਘਰਸ਼ ਕਮੇਟੀ ਵੱਲੋਂ ਉਪ ਮੰਡਲ ਮਜਿਸਟਰੇਟ ਦਫ਼ਤਰ ਸਾਹਮਣੇ ਚੱਲ ਰਹੀ ਲੜੀਵਾਰ ਭੁੱਖ ਹੜਤਾਲ ਅੱਜ 93ਵੇਂ ਦਿਨ ਵਿੱਚ ਦਾਖ਼ਲ ਹੋ ਗਈ ਹੈ | ਅੱਜ ਕਰਨੈਲ ਸਿੰਘ ਇਕੋਲਾਹਾ ਕੌਮੀ ਜਨਰਲ ਸਕੱਤਰ, ਆਲ ਇੰਡੀਆ ਸੰਯੁਕਤ ਕਿਸਾਨ ਸਭਾ, ਸਿਕੰਦਰ ਸਿੰਘ ਖ਼ਾਲਸਾ ਗਲਵੱਡੀ ਇੰਚਾਰਜ ਦਸ਼ਮੇਸ਼ ਤਰਨਾ ਦਲ ਖੰਨਾ, ਵਿਪਨ ਕੁਮਾਰ ਕਥੂਰੀਆ, ਦਿਲਪ੍ਰੀਤ ਸਿੰਘ ਢਿੱਲੋਂ ਕੋਚ, ਸੁਖਵਿੰਦਰ ਸਿੰਘ ਸੁੱਖੀ ਸਮੇਤ ਸੰਘਰਸ਼ੀ ਮੋਰਚੇ ਤੇ ਡਟੇ ਰਹੇ | ਖੰਨਾ ਸੰਘਰਸ਼ ਕਮੇਟੀ ਨੇ ਕਿਹਾ ਕਿ ਪਿਛਲੇ ਦਿਨਾਂ ਵਿੱਚ ਧਰਨੇ ਨੂੰ ਵਿਘਨ ਪਾਉਣ ਅਤੇ ਆਗੂਆਂ ਨੂੰ ਧਮਕਾਉਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਸੰਘਰਸ਼ੀ ਡਟੇ ਹੋਏ ਹਨ ਅਤੇ ਇਹ ਲੜਾਈ ਹੋਰ ਮਜ਼ਬੂਤੀ ਨਾਲ ਜਾਰੀ ਰਹੇਗੀ | ਖੰਨਾ ਸੰਘਰਸ਼ ਕਮੇਟੀ ਨੇ ਦੁਹਰਾਇਆ ਕਿ ਸੰਘਰਸ਼ ਕਮੇਟੀ ਲਈ ਜਨਤਾ ਦੇ ਹਿੱਤ ਸਭ ਤੋਂ ਉੱਚੇ ਹਨ, ਜਿਨ੍ਹਾਂ ਵਿੱਚ ਵਕੀਲ ਵੀ ਸ਼ਾਮਲ ਹਨ | ਇਹ ਸੰਘਰਸ਼ ਹਰ ਆਮ ਆਦਮੀ ਦੀ ਆਵਾਜ਼ ਹੈ | ਖੰਨਾ ਸੰਘਰਸ਼ ਕਮੇਟੀ ਨੇ ਕਿਹਾ ਕਿ ਧਮਕੀਆਂ ਅਤੇ ਰੁਕਾਵਟ ਪੈਦਾ ਕਰਨ ਵਾਲੇ ਮਾਮਲੇ ਵਿੱਚ ਪੁਲਿਸ ਵੱਲੋਂ ਕੀਤੀ ਜਾ ਰਹੀ ਕਾਰਵਾਈ ਤੇ ਸੰਘਰਸ਼ ਕਮੇਟੀ ਦੀ ਨਿਗਾਹ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਕਦਮ ਚੁੱਕੇ ਜਾਣਗੇ |