ਮਲੌਦ, 7 ਅਪੈ੍ਰਲ (ਸਹਾਰਨ ਮਾਜਰਾ)-ਮਾਨਵਤਾ ਦੀ ਸੇਵਾ ਵਿਚ ਸਮਰਪਿਤ ਭਾਵਨਾ ਨਾਲ ਜੁਟੇ ਸਤੀਸ਼ ਕੁਮਾਰ (ਸਤੀਸ਼ ਐਨ. ਜੀ. ਓ) ਵਲੋਂ ਪੰਜਾਬ ਦੇ ਮਰੀਜ਼ਾਂ ਨੂੰ ਸਹੀ ਤੇ ਸਸਤੇ ਇਲਾਜ਼ ਕਰਵਾਉਣ ਲਈ ਸ਼ੁਰੂ ਕੀਤੀ ਜਾਗਰੂਕਤਾ ਮੁਹਿੰਮ ਨਾਲ ਮਰੀਜ਼ਾਂ ਅਤੇ ਸਹਾਇਕ ਪਰਿਵਾਰਾਂ ਨੂੰ ਆਰਥਿਕ ਅਤੇ ਮਾਨਸਿਕ ਪੱਖੋਂ ਬਹੁਤ ਵੱਡੀ ਰਾਹਤ ਮਿਲ ਰਹੀ ਹੈ | ਇਸ ਕੋਸ਼ਿਸ਼ ਵਿਚ ਮਲੌਦ ਦੇ ਸਮਾਜ ਸੇਵੀਆਂ ਦੀ ਟੀਮ ਵੀ ਜੁੜੇਗੀ | ਇਹ ਗੱਲ ਮਾਰਕੀਟ ਕਮੇਟੀ ਮਲੌਦ ਦੇ ਸਾਬਕਾ ਚੇਅਰਮੈਨ ਅਮਰੀਕ ਸਿੰਘ ਰੋੜੀਆਂ ਨੇ ਸਤੀਸ਼ ਕੁਮਾਰ (ਸਤੀਸ਼ ਐੱਨ. ਜੀ. ਓ) ਦਾ ਸਨਮਾਨ ਕਰਦਿਆਂ ਆਖੀ | ਉਨ੍ਹਾਂ ਕਿਹਾ ਕਿ ਅਨੇਕਾਂ ਮਾਣ ਸਨਮਾਨ ਪ੍ਰਾਪਤ ਕਰ ਚੁੱਕੇ ਸਤੀਸ਼ ਕੁਮਾਰ ਪਿਛਲੇ 25-30 ਸਾਲਾਂ ਤੋਂ ਅਨੇਕਾਂ ਮਨੁੱਖੀ ਜ਼ਿੰਦਗੀਆਂ ਨੂੰ ਬਚਾਉਣ ਲਈ ਆਪਣੇ ਸਮੇਂ ਅਤੇ ਪੈਸੇ ਦੀ ਪ੍ਰਵਾਹ ਨਾ ਕਰਦਿਆਂ ਬਹੁਤ ਵੱਡਾ ਰੋਲ ਨਿਭਾ ਰਹੇ ਹਨ | ਉਨ੍ਹਾਂ ਵਲੋਂ ਪੂਰੇ ਪੰਜਾਬ ਤੋਂ ਕੋਈ ਵੀ ਵਿਅਕਤੀ ਪਹੁੰਚ ਕਰਦਾ ਹੈ ਤਾਂ ਸਤੀਸ਼ ਕੁਮਾਰ ਉਸੇ ਵੇਲੇ ਮਰੀਜ਼ ਦੀ ਜ਼ਿੰਦਗੀ ਬਚਾਉਣ ਲਈ ਉੱਠ ਤੁਰਦੇ ਹਨ | ਉਨ੍ਹਾਂ ਕਿਹਾ ਕਿ ਦਿਲ ਦੇ ਰੋਗਾਂ ਦੇ ਮਾਹਿਰ ਡਾ. ਹਿਮਾਂਸ਼ੂ ਗੁਪਤਾ, ਡਾ. ਪਰਵੀਨ ਸੋਲੰਕੀ (ਨਿਊਰੋ) ਵਰਗੇ ਡਾਕਟਰ ਮਰੀਜ਼ਾਂ ਨੂੰ ਨਵੀਆਂ ਜ਼ਿੰਦਗੀਆਂ ਜਿਉਣ ਲਈ ਉਪਰਾਲੇ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਜ਼ਿੰਦਗੀ ਦਾ ਮੁੱਖ ਮਕਸਦ ਕੋਈ ਵੀ ਗ਼ਰੀਬ, ਲੋੜਵੰਦ ਮਰੀਜ਼ ਪੈਸੇ ਦੀ ਘਾਟ ਕਾਰਨ ਇਲਾਜ ਤੋਂ ਵਾਂਝਾ ਨਾ ਰਹੇ | ਇਸ ਮੌਕੇ ਅਕਾਲੀ ਆਗੂ ਗੁਰਪ੍ਰੀਤ ਸਿੰਘ ਲਾਪਰਾਂ, ਸਾਬਕਾ ਕੌਂਸਲਰ ਰਛਪਾਲ ਸਿੰਘ ਪੋਲਾ ਰੋੜੀਆ, ਮੱਘਰ ਸਿੰਘ ਜੱਲ੍ਹਾ ਮਲੌਦ, ਨਿਰਮਲ ਸਿੰਘ ਨਿੰਮਾ ਰੋੜੀਆਂ, ਭੁਪਿੰਦਰ ਸਿੰਘ ਭਿੰਦੀ ਸਹਾਰਨ ਮਾਜਰਾ, ਸਰਬਣ ਸਿੰਘ, ਰਣਜੀਤ ਸਿੰਘ ਸਮੇਤ ਵੱਡੀ ਗਿਣਤੀ ਪਤਵੰਤੇ ਹਾਜ਼ਰ ਸਨ |