• ਕਿਸਾਨਾਂ ਤੇ ਮਜ਼ਦੂਰਾਂ ਨੂੰ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਅਤੇ ਹੋਰ ਬੁੱਧੀਜੀਵੀ ਕਰਨਗੇ ਸੰਬੋਧਨ-ਪਾਲ ਮਾਜਰਾ/ ਢੀਂਡਸਾ
ਸਮਰਾਲਾ, 8 ਅਪ੍ਰੈਲ (ਗੋਪਾਲ ਸੋਫਤ/ਕੁਲਵਿੰਦਰ ਸਿੰਘ)-ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਸੂਬਾ ਪੱਧਰੀ ਸੈਮੀਨਾਰ 10 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਦੁਨੇਕੇ (ਮੋਗਾ) ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਸੈਮੀਨਾਰ ਵਿਚ ਪੰਜਾਬ ਭਰ ਦੇ ਕਿਸਾਨ ਅਤੇ ਮਜ਼ਦੂਰ ਭਾਗ ਲੈਣਗੇ | ਇਸ ਸਬੰਧੀ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ ਪਾਲ ਮਾਜਰਾ ਅਤੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਮਨਜੀਤ ਸਿੰਘ ਢੀਂਡਸਾ ਨੇ ਦੱਸਿਆ ਕਿ ਸੈਮੀਨਾਰ ਵਿਚ ਕਿਸਾਨਾਂ ਦੀਆਂ ਹੱਕੀ ਮੰਗਾਂ ਸਬੰਧੀ ਅਤੇ ਖੇਤੀ ਖੇਤਰ ਵਿਚ ਆ ਰਹੀਆਂ ਮੁਸ਼ਕਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਜਾਵੇਗਾ | ਸੈਮੀਨਾਰ ਦੇ ਮੁੱਖ ਬੁਲਾਰੇ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ, ਯੁੱਧਵੀਰ ਸਿੰਘ ਜਨਰਲ ਸਕੱਤਰ ਭਾਰਤ, ਉੱੱਘੇ ਚਿੰਤਕ ਡਾ. ਪਿਆਰੇ ਲਾਲ ਗਰਗ, ਅਰਥ ਸ਼ਾਸਤਰੀ ਡਾ. ਅਮਰਵੀਰ ਸਿੰਘ ਚੀਮਾ ਅਤੇ ਯੂਨੀਅਨ ਦੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਹੋਣਗੇ | ਇਸ ਤੋਂ ਇਲਾਵਾ ਇਸ ਸੈਮੀਨਾਰ ਵਿਚ ਬੁਲਾਰੇ ਕਿਸਾਨੀ ਮੁੱਦਿਆਂ ਤੋਂ ਇਲਾਵਾ ਭਾਰਤ ਅਮਰੀਕਾ ਦਰਮਿਆਨ ਕਰ ਮੁਕਤ ਵਪਾਰ ਸਮਝੌਤੇ ਦੇ ਨੁਕਸਾਨ, ਐੱਮ. ਐੱਸ. ਪੀ. ਦੀ ਕਾਨੂੰਨੀ ਗਰੰਟੀ, ਆਰਗੈਨਿਕ ਖੇਤੀ, ਬਿਜਲੀ ਸੋਧ ਬਿੱਲ 2025, ਬੀਜ ਬਿੱਲ, ਮਨਰੇਗਾ ਦਾ ਨਾਂ ਬਦਲਣ, ਚਾਰ ਲੇਬਰ ਕੋਡ, ਮਜ਼ਦੂਰਾਂ ਦੇ ਕੰਮ ਵਿੱਚ ਕਟੌਤੀ ਆਦਿ ਮਸਲਿਆਂ ਸਬੰਧੀ ਵੀ ਜਾਣਕਾਰੀ ਸਾਂਝੀ ਕਰਨਗੇ |
ਬੀ. ਕੇ. ਯੂ. (ਲੱਖੋਵਾਲ) ਵਲੋਂ ਕਿਸਾਨਾਂ, ਮਜ਼ਦੂਰਾਂ ਨੂੰ ਹੱਕੀ ਮੰਗਾਂ ਸੰਬੰਧੀ ਜਾਗਰੂਕ ਕਰਨ ਲਈ ਮੋਗਾ ਵਿਖੇ ਸੂਬਾ ਪੱਧਰੀ ਸੈਮੀਨਾਰ ਕੱਲ੍ਹ
ਅਜੀਤ ਡੈਸਕ
09-04-2026