ਪਾਇਲ, 8 ਅਪ੍ਰੈਲ (ਰਾਜਿੰਦਰ ਸਿੰਘ, ਨਿਜ਼ਾਮਪੁਰ)- ਨੰਬਰਦਾਰਾ ਯੂਨੀਅਨ ਤਹਿਸੀਲ ਪਾਇਲ ਦੀ ਮੀਟਿੰਗ ਪ੍ਰਧਾਨ ਬਲਦੇਵ ਸਿੰਘ ਘੁਡਾਣੀ ਖ਼ੁਰਦ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿੱਚ ਨੰਬਰਦਾਰ ਯੂਨੀਅਨ ਵੱਲੋਂ ਇਸ ਸਾਲ ਕਿਸਾਨਾਂ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਵੱਲੋਂ ਕਣਕ ਦੇ ਨਾੜ ਨੂੰ ਅੱਗ ਨਾ ਲਾਈ ਜਾਵੇ ਅਤੇ ਇਸ ਸਬੰਧੀ ਨੰਬਰਦਾਰ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਦੇਣਗੇ | ਮੀਟਿੰਗ ਵਿੱਚ ਲੋਕਾਂ ਨੂੰ ਆ ਰਹੀਆਂ ਵਿਰਾਸਤ ਦੇ ਇੰਤਕਾਲਾਂ ਸਬੰਧੀ ਮੁਸ਼ਕਲਾਂ ਨੂੰ ਹੱਲ ਕਰਨ ਦੀ ਵੀ ਸਰਕਾਰ ਵੱਲੋਂ ਮੰਗ ਕੀਤੀ ਹੈ ਕਿ ਵਿਰਾਸਤ ਦੇ ਇੰਤਕਾਲ ਦੋ ਦੋ ਸਾਲ ਲਟਕਦੇ ਰਹਿੰਦੇ ਹਨ | ਨੰਬਰਦਾਰਾਂ ਦੀਆਂ ਜਾਇਜ਼ ਮੰਗਾਂ ਤੇ ਵਿਚਾਰ ਵਟਾਂਦਰਾ ਕਰਦੇ ਹੋਏ ਬਲਜਿੰਦਰ ਸਿੰਘ ਬੁਆਣੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਤੱਕ ਨੰਬਰਦਾਰਾਂ ਦੀ ਸਰਕਾਰ ਨੇ ਇੱਕ ਵੀ ਗੱਲ ਨਹੀਂ ਮੰਨੀ ਅਤੇ ਨਾ ਹੀ ਵਿਧਾਨ ਸਭਾ ਦੇ ਕਿਸੇ ਇਜਲਾਸ ਵਿੱਚ ਨੰਬਰਦਾਰਾਂ ਦਾ ਨਾਮ ਲਿਆ | ਉਨ੍ਹਾਂ ਸਰਕਾਰ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਹੁਣ ਨੰਬਰਦਾਰਾਂ ਦੇ ਵੱਸ ਤੋਂ ਬਾਹਰ ਗੱਲ ਹੋ ਗਈ ਹੈ ਅਤੇ ਨੰਬਰਦਾਰ ਸਰਕਾਰ ਦੇ ਵਿਰੁੱਧ ਭੁਗਤਨ ਲਈ ਤਿਆਰ ਹਨ ਅਤੇ ਆਉਣ ਵਾਲੀਆਂ ਹਰੇਕ ਚੋਣਾਂ ਵਿੱਚ ਨੰਬਰਦਾਰ ਸਰਕਾਰ ਦੇ ਵਿਰੁੱਧ ਬੋਲਣਗੇ ਅਤੇ ਲੋਕਾਂ ਨੂੰ ਲਾਮਬੰਦ ਕਰਨਗੇ ਤਾਂ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸੱਤਾ ਤੋਂ ਬਾਹਰ ਦਾ ਰਸਤਾ ਦਿਖਾਇਆ ਜਾ ਸਕੇ | ਜਾਇਜ਼ ਮੰਗਾਂ ਵਿੱਚ ਨੰਬਰਦਾਰੀ ਜੱਦੀ ਪੁਸ਼ਤੀ, ਮਾਣ ਭੱਤਾ 5000 ਕਰਨਾ, ਬਸ ਕਰਾਇਆ ਮਾਫ ਕਰਨਾ, ਜੀਵਨ ਬੀਮਾ ਕਰਨਾ ਆਦਿ ਸ਼ਾਮਿਲ ਹਨ | ਮੀਟਿੰਗ ਉਪਰੰਤ ਸਮੂਹ ਨੰਬਰਦਾਰ ਐਸ. ਡੀ. ਐਮ. ਪ੍ਰੀਤਇੰਦਰ ਸਿੰਘ ਬੈਂਸ ਸਾਹਿਬ ਨੂੰ ਜੀ ਆਇਆ ਕਹਿਣ ਲਈ ਮਿਲੇ ਅਤੇ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਨਮਾਨ ਕੀਤਾ | ਐਸ. ਡੀ. ਐਮ. ਨੇ ਬਹੁਤ ਸਤਿਕਾਰ ਨਾਲ ਨੰਬਰਦਾਰਾਂ ਦੀਆਂ ਗੱਲਾਂ ਸੁਣੀਆਂ ਅਤੇ ਬਹੁਤ ਸਾਰੀਆਂ ਸ਼ਿਕਾਇਤਾਂ ਦਾ ਨਿਪਟਾਰਾ ਮੌਕੇ 'ਤੇ ਹੀ ਕਰ ਦਿੱਤਾ, ਜਿਸ ਤੇ ਨੰਬਰਦਾਰਾਂ ਵੱਲੋਂ ਐਸ. ਡੀ. ਐਮ ਬੈਂਸ ਸਾਹਿਬ ਦਾ ਬਹੁਤ ਧੰਨਵਾਦ ਕੀਤਾ ਗਿਆ | ਇਸ ਮੌਕੇ ਐਸ. ਡੀ. ਐਮ ਸਾਹਿਬ ਵੱਲੋਂ ਨੰਬਰਦਾਰਾਂ ਨੂੰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਵਿੱਚ ਵੱਧ ਤੋਂ ਵੱਧ ਸਹਿਯੋਗ ਦੇਣ ਲਈ ਪ੍ਰੇਰਤ ਕੀਤਾ | ਇਸ ਮੌਕੇ ਹਰਪਾਲ ਸਿੰਘ ਘਲੋਟੀ, ਪਰਮਿੰਦਰ ਸਿੰਘ ਬੇਗੋਵਾਲ, ਜਗਜੀਤ ਸਿੰਘ ਘਲੋਟੀ, ਦਰਸ਼ਨ ਸਿੰਘ ਘੁਡਾਣੀ ਕਲਾਂ, ਅਸ਼ੋਕ ਕੁਮਾਰ ਪਾਇਲ, ਮਨਪ੍ਰੀਤ ਸਿੰਘ ਘੁਡਾਣੀ ਖ਼ੁਰਦ, ਹਰੀ ਸਿੰਘ ਘਲੋਟੀ, ਗੁਰਦੇਵ ਸਿੰਘ ਕਿਲਾ ਹੰਸ, ਪਰਮਜੀਤ ਸਿੰਘ ਕਰਤਾਰਪੁਰ ਅਤੇ ਗੁਰਮੀਤ ਸਿੰਘ ਘੁਡਾਣੀ ਖ਼ੁਰਦ ਆਦਿ ਹਾਜ਼ਰ ਸਨ |