21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਮਲੌਦ ਸਾਹਿਤ ਸਭਾ ਦੀ ਮਹੀਨਾਵਾਰ ਮੀਟਿੰਗ

Ad Position 21
No active advertisement
ਅਜੀਤ ਡੈਸਕ 13-04-2026
ਮਲੌਦ, 12 ਅਪ੍ਰੈਲ (ਦਿਲਬਾਗ ਸਿੰਘ ਚਾਪੜਾ)-ਪੰਜਾਬੀ ਮਾਂ-ਬੋਲੀ ਦੀ ਮਹਿਕ ਨੂੰ ਜਿੰਦਾ ਰੱਖਣ ਅਤੇ ਸਾਹਿਤ ਦੀ ਰੌਸ਼ਨੀ ਨੂੰ ਹਰ ਦਿਲ ਤੱਕ ਪਹੁੰਚਾਉਣ ਦੇ ਜਜ਼ਬੇ ਨਾਲ ਮਲੌਦ ਸਾਹਿਤ ਸਭਾ ਵੱਲੋਂ ਮਹੀਨਾਵਾਰ ਮੀਟਿੰਗ ਕੀਤੀ ਗਈ | ਮੀਟਿੰਗ ਦੀ ਅਗਵਾਈ ਪਿ੍ੰਸੀਪਲ ਹਰਮਿੰਦਰਪਾਲ ਸਿੰਘ (ਪ੍ਰਧਾਨ, ਪੰਜਾਬੀ ਸਾਹਿਤ ਸਭਾ ਮਲੌਦ) ਵੱਲੋਂ ਕੀਤੀ ਗਈ | ਇਸ ਮੌਕੇ ਹਰਵਿੰਦਰ ਸਿੰਘ ਚਹਿਲ, ਕੁਲਵਿੰਦਰ ਸਿੰਘ ਮਾਨੂੰਪੁਰੀ, ਭਾਈ ਗੁਰਦੀਪ ਸਿੰਘ ਘਰਖਣਾ, ਸੰਪਾਦਕ ਗੁਰਦੀਪ ਸਿੰਘ ਮੰਡਾਹਰ, ਪ੍ਰਸਿੱਧ ਨਾਵਲਕਾਰ ਜਗਸੀਰ ਸਿੰਘ ਕਲਾਲਾ ਅਤੇ ਸੁਖਵਿੰਦਰ ਸਿੰਘ ਫਰੌਰ ਸਮੇਤ ਹੋਰ ਸਾਹਿਤ ਪ੍ਰੇਮੀ ਹਾਜ਼ਰ ਸਨ | ਮੀਟਿੰਗ ਦੌਰਾਨ ਪੰਜਾਬੀ ਭਾਸ਼ਾ ਦੀ ਸੰਭਾਲ ਅਤੇ ਉਸਦੀ ਵਿਰਾਸਤ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਬਾਰੇ ਚਰਚਾ ਕੀਤੀ ਗਈ | ਰਚਨਾਵਾਂ ਦੇ ਦੌਰ ਤੋਂ ਬਾਅਦ ਹਰਵਿੰਦਰ ਸਿੰਘ ਚਹਿਲ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਮਲੌਦ ਸਾਹਿਤ ਸਭਾ ਵੱਲੋਂ ਪਹਿਲਾਂ ਵੀ ਕਈ ਮਹੱਤਵਪੂਰਨ ਸਾਹਿਤਕ ਪ੍ਰੋਗਰਾਮ ਕਰਵਾਏ ਗਏ ਹਨ | ਉਹਨਾਂ ਕਿਹਾ ਕਿ ਭਾਵੇਂ ਇਹ ਸਭਾ ਜ਼ਿਆਦਾ ਪੁਰਾਣੀ ਨਹੀਂ ਹੈ, ਪਰ ਇਸ ਦੇ ਕੰਮ ਬਹੁਤ ਵੱਡੇ ਅਤੇ ਸਲਾਹੁਣਯੋਗ ਹਨ | ਇਸ ਮੌਕੇ ਕੁਲਵਿੰਦਰ ਸਿੰਘ ਮਾਨੂੰਪੁਰੀ ਨੇ ਬਾਲ ਸਾਹਿਤਕਾਰਾਂ ਦੇ ਸਨਮਾਨ ਦੀ ਗੱਲ ਕਰਦੇ ਹੋਏ ਕਿਹਾ ਕਿ ਬਾਲ ਲੇਖਕ ਅੱਜ ਦੇ ਬੱਚਿਆਂ ਨੂੰ ਕਿਤਾਬਾਂ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਅ ਰਹੇ ਹਨ | ਉਹਨਾਂ ਕਿਹਾ ਕਿ ਬੱਚੇ ਬਾਲ ਸਾਹਿਤ ਪੜ੍ਹ ਕੇ ਆਪਣੀ ਕਲਪਨਾ ਨੂੰ ਪਰਵਾਜ਼ ਦਿੰਦੇ ਹਨ ਅਤੇ ਸੁਹਣੇ ਸੁਪਨਿਆਂ ਦੀ ਦੁਨੀਆ ਵਿੱਚ ਉਡਾਰੀਆਂ ਮਾਰਦੇ ਹਨ | ਇਸ ਮੌਕੇ ਭਾਈ ਗੁਰਦੀਪ ਸਿੰਘ ਘਰਖਣਾ ਨੇ ਭਾਵੁਕ ਲਹਿਜ਼ੇ ਵਿੱਚ ਕਿਹਾ ਕਿ ਸਾਹਿਤ ਸਭਾਵਾਂ ਵਿੱਚ ਗੁਰੂ ਸਾਹਿਬਾਨਾਂ ਦੇ, ਯੋਧਿਆਂ ਦੇ ਇਤਿਹਾਸ ਅਤੇ ਵਿਰਾਸਤੀ ਵਾਰਾਂ ਬਾਰੇ ਵੀ ਚਰਚਾ ਹੋਣੀ ਚਾਹੀਦੀ ਹੈ | ਉਹਨਾਂ ਕਿਹਾ ਕਿ ਪੰਜਾਬ ਦੀ ਇਸ ਪਵਿੱਤਰ ਧਰਤੀ ਦੇ ਥਾਂ-ਥਾਂ 'ਤੇ ਸ਼ਹੀਦਾਂ ਦਾ ਖੂਨ ਡੁੱਲਿਆ ਹੈ, ਜਿਸਦੀ ਯਾਦ ਨੂੰ ਜਿਉਂਦਾ ਰੱਖਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ | ਇਸ ਮੌਕੇ ਗੁਰਦੀਪ ਸਿੰਘ ਮੰਡਾਹਰ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਸਾਨੂੰ ਆਪਣੇ ਬਜ਼ੁਰਗ ਲੇਖਕਾਂ ਦਾ ਆਦਰ-ਮਾਣ ਅਤੇ ਸਤਿਕਾਰ ਕਰਨਾ ਚਾਹੀਦਾ ਹੈ, ਕਿਉਂਕਿ ਉਹਨਾਂ ਨੇ ਸੀਮਤ ਸਾਧਨਾਂ ਅਤੇ ਸਵੈ-ਮੰਥਨ ਨਾਲ ਮਹਾਨ ਕਿਤਾਬਾਂ ਸਿਰਜੀਆਂ ਹਨ | ਉਹਨਾਂ ਦਾ ਯੋਗਦਾਨ ਇਸ ਲਈ ਹੋਰ ਵੀ ਵੱਡਾ ਹੈ ਕਿਉਂਕਿ ਉਹਨਾਂ ਨੇ ਆਧੁਨਿਕ ਸਹੂਲਤਾਂ ਤੋਂ ਬਿਨਾਂ ਹੀ ਸਾਹਿਤ ਨੂੰ ਨਵੀਂ ਉਚਾਈਆਂ ਤੱਕ ਪਹੁੰਚਾਇਆ | ਇਸ ਮੌਕੇ ਪ੍ਰਸਿੱਧ ਨਾਵਲਕਾਰ ਜਗਸੀਰ ਸਿੰਘ ਕਲਾਲਾ ਨੇ ਕਿਹਾ ਕਿ ਨਾਵਲ ਸਾਡੇ ਜੀਵਨ ਦਾ ਅਟੁੱਟ ਅੰਗ ਹਨ | ਉਹਨਾਂ ਦੱਸਿਆ ਕਿ ਮਹਾਨ ਲੇਖਕ ਜਸਵੰਤ ਕੰਵਲ ਜੀ ਦੇ ਨਾਵਲਾਂ ਨੇ ਸਮਾਜ ਨੂੰ ਨਵੀਂ ਸੋਚ ਅਤੇ ਡੂੰਘੀ ਸਮਝ ਦੇਣ ਵਿੱਚ ਅਹਿਮ ਯੋਗਦਾਨ ਪਾਇਆ ਹੈ | ਇਸ ਮੌਕੇ ਸੁਖਵਿੰਦਰ ਸਿੰਘ ਫਰੌਰ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਪਿੰਡਾਂ ਵਿੱਚ ਲਾਇਬ੍ਰੇਰੀਆਂ ਦਾ ਹੋਣਾ ਬਹੁਤ ਜ਼ਰੂਰੀ ਹੈ, ਤਾਂ ਜੋ ਕਿਤਾਬਾਂ ਆਮ ਪਾਠਕਾਂ ਤੱਕ ਆਸਾਨੀ ਨਾਲ ਪਹੁੰਚ ਸਕਣ ਅਤੇ ਪੜ੍ਹਨ ਦੀ ਸੰਸਕਿ੍ਤੀ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ | ਪ੍ਰਧਾਨ ਹਰਮਿੰਦਰਪਾਲ ਸਿੰਘ ਵੱਲੋਂ ਕਿਹਾ ਗਿਆ ਕਿ ਆਉਣ ਵਾਲੇ ਸਮੇਂ ਵਿੱਚ ਸਾਹਿਤਕਾਰਾਂ ਅਤੇ ਉੱਦਮੀਆਂ ਨਾਲ ਰੂਬਰੂ ਪ੍ਰੋਗਰਾਮ ਕਰਵਾਉਣ ਲਈ ਛੇਤੀ ਹੀ ਉਪਰਾਲੇ ਕੀਤੇ ਜਾਣਗੇ, ਤਾਂ ਜੋ ਨਵੀਂ ਸੋਚ ਅਤੇ ਤਜਰਬੇ ਨੂੰ ਇਕ ਮੰਚ 'ਤੇ ਲਿਆਂਦਾ ਜਾ ਸਕੇ | ਮੀਟਿੰਗ ਦੇ ਅੰਤ ਵਿੱਚ ਸਭ ਮੈਂਬਰਾਂ ਨੇ ਮਿਲ ਕੇ ਪੰਜਾਬੀ ਸਾਹਿਤ ਦੀ ਸੇਵਾ ਲਈ ਆਪਣਾ ਯੋਗਦਾਨ ਜਾਰੀ ਰੱਖਣ ਦਾ ਸੰਕਲਪ ਲਿਆ | ਪ੍ਰਧਾਨ ਜੀ ਨੇ ਸਭ ਦਾ ਦਿਲੋਂ ਧੰਨਵਾਦ ਕੀਤਾ ਅਤੇ ਅੱਗੇ ਵੀ ਇਸੇ ਤਰ੍ਹਾਂ ਮਿਲ ਬੈਠ ਕੇ ਸਾਹਿਤ ਦੀ ਜੋਤ ਜਗਾਉਣ ਦੀ ਅਪੀਲ ਕੀਤੀ |
Ad Position 22
No active advertisement
ਪਿਛਲੀ ਖ਼ਬਰ ਬੀਜਾ ਵਿਖੇ ਗੁਰਮਤਿ ਸਮਾਗਮ ਅੱਜ ਅਗਲੀ ਖ਼ਬਰ ਖ਼ਾਲਸਾ ਸਾਜਨਾ ਦਿਵਸ 14 ਨੂੰ ਸ਼ਰਧਾ ਨਾਲ ਮਨਾਇਆ ਜਾਵੇਗਾ
Ad Position 24