ਹੰਬੜਾਂ, 12 ਅਪ੍ਰੈਲ (ਮੇਜਰ ਹੰਬੜਾਂ)-ਵਿਸਾਖੀ ਦੇ ਪਵਿੱਤਰ ਦਿਹਾੜੇ ਤੇ ਗੁਰਦੁਆਰਾ ਸਾਹਿਬ ਚੜ੍ਹਦੀ ਕਲਾ ਹੰਬੜਾਂ ਵਿਖੇ ਨਗਰ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਜਾਣ ਵਾਲੇ ਧਾਰਮਿਕ ਸਮਾਗਮ ਅਤੇ ਵਿਸਾਖੀ ਦਿਹਾੜਾ ਮਨਾਏ ਜਾਣ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਇਹ ਪ੍ਰਗਟਾਵਾ ਸਰਪ੍ਰਸਤ ਤੇਜਾ ਸਿੰਘ ਗਿੱਲ ਅਤੇ ਮੀਤ ਪ੍ਰਧਾਨ ਭੁਪਿੰਦਰ ਸਿੰਘ ਮਠਾੜੂ ਨੇ ਧਾਰਮਿਕ ਸਮਾਗਮ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਕੀਤਾ | ਉਨ੍ਹਾਂ ਦੱਸਿਆ ਕਿ ਵਿਸਾਖੀ ਦਾ ਪਵਿੱਤਰ ਦਿਹਾੜਾ ਮਨਾਏ ਜਾਣ ਤੇ ਵਿਸਾਖੀ ਦੀ ਖੁਸ਼ੀ 'ਚ ਭਾਈ ਮਨਜੀਤ ਸਿੰਘ ਭੈਰੋਮੁੰਨਾਂ, ਅਮਨਦੀਪ ਸਿੰਘ ਰਵੀ ਕੈਨੇਡਾ, ਹਰਦੀਪ ਸਿੰਘ ਜੱਗੀ ਭੈਰੋਮੁੰਨਾਂ ਪਰਿਵਾਰ ਵਲੋਂ ਸ੍ਰੀ ਅਖੰਡ ਪਾਠ ਸਾਹਿਬ ਗੁਰੂ ਘਰ ਵਿਖੇ ਅਰੰਭ ਕਰਵਾਏ ਗਏ ਹਨ | ਅਰੰਭ ਹੋਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ 14 ਅਪ੍ਰੈਲ ਨੂੰ ਗੁਰਦੁਆਰਾ ਸਾਹਿਬ ਚੜ੍ਹਦੀ ਕਲਾ ਹੰਬੜਾਂ ਵਿਖੇ ਪਾਏ ਜਾਣਗੇ ਤੇ ਵਿਸਾਖੀ ਦਿਹਾੜੇ 'ਤੇ ਰਾਗੀ ਜੱਥੇ ਵੱਲੋਂ ਰਸ਼ਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ | ਕਥਾ-ਵਾਚਕ ਸੰਗਤਾਂ ਨੂੰ ਵਿਸਾਖੀ ਦੇ ਮਣਮੱਤੇ ਸਿੱਖੀ ਇਤਿਹਾਸ ਤੋਂ ਜਾਣੂ ਕਰਵਾਉਣਗੇ | ਸਰਪ੍ਰਸਤ ਗਿੱਲ ਨੇ ਕਿਹਾ ਕਿ ਵਿਸਾਖੀ ਤੇ ਜਿੱਥੇ ਗੁਰਦੁਆਰਾ ਸਾਹਿਬ ਚੜ੍ਹਦੀ ਕਲਾ ਹੰਬੜਾਂ ਵਿਖੇ ਵੱਡੀ ਗਿਣਤੀ 'ਚ ਸੰਗਤਾਂ ਪੁੱਜਣਗੀਆਂ, ਉੱਥੇ ਸੰਗਤਾਂ ਲਈ ਲੰਗਰਾਂ ਸਮੇਤ ਜਲੇਬੀਆਂ ਦੇ ਲੰਗਰ ਅਤੁੱਟ ਵਰਤਾਏ ਜਾਣਗੇ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਖੀ ਇਤਿਹਾਸ ਨਾਲ ਜੁੜਨ ਵਾਲੇ ਬੱਚਿਆਂ ਸਮੇਤ ਰਾਗੀ ਜੱਥੇ ਦਾ ਸਨਮਾਨ ਕੀਤਾ ਜਾਵੇਗਾ |