25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਸਰਕਾਰ ਦੇ ਖ਼ਰੀਦ ਪ੍ਰਬੰਧਾਂ ਦੀ ਨਿਕਲੀ ਹਵਾ, ਨਾ ਹੋ ਰਹੀ ਖ਼ਰੀਦ, ਨਾ ਮਿਲ ਰਹੀ ਲੇਬਰ, ਆੜ੍ਹਤੀ ਤੇ ਕਿਸਾਨ ਪਰੇਸ਼ਾਨ

Ad Position 21
No active advertisement
ਅਜੀਤ ਡੈਸਕ 14-04-2026

ਮਾਛੀਵਾੜਾ ਸਾਹਿਬ, 13 ਅਪ੍ਰੈਲ (ਮਨੋਜ ਕੁਮਾਰ)-ਸਥਾਨਕ ਅਨਾਜ ਮੰਡੀ ਵਿੱਚ ਕਣਕ ਦੀ ਆਮਦ ਦਿਨੋਂ ਦਿਨ ਆਪਣੀ ਰਫ਼ਤਾਰ ਫੜ ਰਹੀ ਹੈ ਅਤੇ ਜੇਕਰ ਜ਼ਮੀਨੀ ਹਕੀਕਤ ਇਸੇ ਤਰਾਂ ਰਹੀ ਤਾਂ ਆਉਣ ਵਾਲੇ ਦਿਨਾਂ ਵਿਚ ਕਣਕ ਦੇ ਅੰਬਾਰ ਲੱਗਣ ਦੀ ਸੰਭਾਵਨਾ ਹੈ | ਪਰ ਖ਼ਰੀਦ ਏਜੰਸੀਆਂ ਵਲੋਂ ਮੰਡੀ ਵਿਚ ਕਣਕ ਦੀ ਖ਼ਰੀਦ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਆੜ੍ਹਤੀ ਅਤੇ ਕਿਸਾਨ ਉਦਾਸ ਤੇ ਬੇਬਸ ਨਜ਼ਰ ਆ ਰਹੇ ਹਨ | ਮਾਰਕੀਟ ਕਮੇਟੀ ਦੇ ਅੰਕੜਿਆਂ ਅਨੁਸਾਰ ਅਜੇ ਤੱਕ ਸਿਰਫ਼ 163 ਕੁਇੰਟਲ ਕਣਕ ਦੀ ਖ਼ਰੀਦ ਹੋਈ ਹੈ, ਜਦਕਿ 10,000 ਕੁਇੰਟਲ ਤੋਂ ਵੱਧ ਕਣਕ ਮੰਡੀ ਵਿਚ ਆ ਚੁੱਕੀ ਹੈ | ਹਾਲਾਤ ਇਹ ਹਨ ਕਿ ਨਾ ਤਾਂ ਖ਼ਰੀਦ ਹੋ ਰਹੀ ਹੈ ਅਤੇ ਨਾ ਹੀ ਲੇਬਰ ਪੂਰੀ ਮਿਲ ਰਹੀ ਹੈ | ਖ਼ਰੀਦ ਏਜੰਸੀਆਂ ਦੇ ਨੁਮਾਇੰਦਿਆਂ ਦਾ ਕਹਿਣਾ ਹੈ ਕਿ ਮੰਡੀ ਵਿਚ ਆ ਰਹੀ ਕਣਕ ਸਰਕਾਰ ਦੇ ਮਾਪਦੰਡਾਂ 'ਤੇ ਖਰੀ ਨਹੀਂ ਉਤਰ ਰਹੀ, ਜਿਸ ਕਾਰਨ ਖ਼ਰੀਦ ਵਿਚ ਦਿੱਕਤ ਆ ਰਹੀ ਹੈ | ਉਨ੍ਹਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਦੀਆਂ ਟੀਮਾਂ ਜਲਦੀ ਹੀ ਮੰਡੀਆਂ ਵਿਚ ਆ ਕੇ ਕਣਕ ਦੇ ਸੈਂਪਲ ਲੈਣਗੀਆਂ ਅਤੇ ਸਰਕਾਰ ਦੇ ਫ਼ੈਸਲੇ ਅਨੁਸਾਰ ਹੀ ਖ਼ਰੀਦ ਕੀਤੀ ਜਾਵੇਗੀ | ਹਾਲਾਂਕਿ ਚੰਗੀ ਗੁਣਵੱਤਾ ਵਾਲੀ ਕਣਕ ਦੀ ਖ਼ਰੀਦ ਕੀਤੀ ਜਾ ਰਹੀ ਹੈ | ਆੜ੍ਹਤੀ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਹਰਜਿੰਦਰ ਸਿੰਘ ਖੇੜਾ ਨੇ ਦੱਸਿਆ ਕਿ ਜੇ ਹਾਲਾਤ ਇਸ ਤਰ੍ਹਾਂ ਹੀ ਰਹੇ ਤਾਂ ਆਉਣ ਵਾਲੇ ਦਿਨਾਂ ਵਿਚ ਮੰਡੀ ਵਿਚ ਵੱਡੀ ਸਮੱਸਿਆ ਖੜੀ ਹੋ ਸਕਦੀ ਹੈ | ਕਣਕ ਦੀ ਆਮਦ ਵਧਣ ਨਾਲ ਖ਼ਰੀਦ ਨਾ ਹੋਣ ਕਾਰਨ ਮੰਡੀ ਵਿਚ ਜਾਮ ਦੀ ਸਥਿਤੀ ਬਣ ਸਕਦੀ ਹੈ ਅਤੇ ਆੜ੍ਹਤੀਆਂ ਨੂੰ ਲਿਫ਼ਟਿੰਗ ਦੀ ਸਮੱਸਿਆ ਨਾਲ ਵੀ ਜੂਝਣਾ ਪੈ ਸਕਦਾ ਹੈ | ਉਨ੍ਹਾਂ ਨੇ ਕਿਹਾ ਕਿ ਮੰਡੀ ਵਿਚ ਪਹਿਲਾਂ ਹੀ ਲੇਬਰ ਦੀ ਕਮੀ ਹੈ ਅਤੇ ਕਣਕ ਦੀ ਵੱਧ ਰਹੀ ਆਮਦ ਨਾਲ ਭਰਾਈ ਵਿਚ ਵੀ ਮੁਸ਼ਕਲਾਂ ਆ ਰਹੀਆਂ ਹਨ | ਕਈ ਆੜ੍ਹਤੀਆਂ ਨੇ ਲੇਬਰ ਨੂੰ ਅਗਾਊਾ ਪੈਸੇ ਵੀ ਦੇ ਰੱਖੇ ਹਨ, ਫਿਰ ਵੀ ਲੇਬਰ ਮੰਡੀ ਵਿਚ ਨਹੀਂ ਪਹੁੰਚ ਰਹੀ |
ਆੜ੍ਹਤੀਆਂ ਦਾ ਲੇਬਰ ਠੇਕੇਦਾਰਾਂ ਵੱਲ ਲੱਖਾ ਰੁਪਏ ਐਡਵਾਂਸ ਦੇ ਬਾਵਜੂਦ ਲੇਬਰ ਦੀ ਭਾਰੀ ਕਮੀ
ਹਾਲਾਤ ਇਹ ਹਨ ਕਿ ਲਗਭਗ ਸਾਰੇ ਆੜ੍ਹਤੀਆਂ ਨੇ ਲੇਬਰ ਨੂੰ ਲੱਖਾਂ ਰੁਪਏ ਪਹਿਲਾਂ ਹੀ ਪੇਸ਼ਗੀ ਦੇ ਰੂਪ ਵਿਚ ਦੇ ਦਿੱਤੇ ਸਨ ਤੇ ਲਗਭਗ ਇਹ ਸਿਸਟਮ ਹਰ ਨਵੇਂ ਸੀਜ਼ਨ ਤੋਂ ਪਹਿਲਾਂ ਹੀ ਦੇਖਣ ਨੂੰ ਮਿਲਦਾ ਹੈ | ਪਰ ਇਸ ਵਾਰ ਠੇਕੇਦਾਰ ਅਜੇ ਤੱਕ ਬਿਹਾਰ ਵਿਚ ਹਨ ਤੇ ਉਹ ਮੰਡੀਆਂ ਵਿਚ ਲੇਬਰ ਲੈ ਕੇ ਨਹੀਂ ਆਏ ਤੇ ਮੰਡੀ ਵਿਚ ਕਣਕ ਦੇ ਢੇਰ ਤਾਂ ਨਜ਼ਰ ਆ ਰਹੇ ਹਨ | ਪਰ ਲੇਬਰ ਨਜ਼ਰ ਨਹੀਂ ਆ ਰਹੀ ਤੇ ਜੋ ਸਥਾਨਕ ਲੇਬਰ ਹੈ, ਉਹ ਮਨਮਾਨੇ ਭਾਅ ਮੰਗ ਰਹੀ ਹੈ ਅਤੇ ਨਾਲ ਹੀ ਖਾਣ-ਪੀਣ ਦੀ ਵੱਖਰੀ ਵਿਵਸਥਾ ਦੀ ਮੰਗ ਕਰ ਰਹੀ ਹੈ | ਇਸ ਨਾਲ ਆੜ੍ਹਤੀਆਂ ਦੀਆਂ ਮੁਸ਼ਕਲਾਂ ਹੋਰ ਵਧਦੀਆਂ ਜਾ ਰਹੀਆਂ ਹਨ |

Ad Position 22
No active advertisement
ਪਿਛਲੀ ਖ਼ਬਰ ਈ. ਓ. ਨੇ ਕਿਹਾ ਕਿ ਦੁਕਾਨਾਂ ਦੀ ਉਸਾਰੀ ਗ਼ੈਰ-ਕਾਨੂੰਨੀ ਸੀ, ਅਕਾਲੀਆਂ ਨੇ ਕਿਹਾ ਇਹ ਬਦਲੇ ਦੀ ਕਾਰਵਾਈ ਹੈ ਅਕਾਲੀ ਦ... ਅਗਲੀ ਖ਼ਬਰ ਬੇਅਦਬੀ ਸੋਧ ਬਿੱਲ! ਅਦਾਲਤੀ ਟ੍ਰਾਇਲ ਸਮਾਂਬੱਧ ਹੋਵੇ- ਇਯਾਲੀ
Ad Position 24