• ਬਾਹਰਲੇ ਸੂਬਿਆਂ ਤੋਂ ਲੱਖਾਂ ਰੁਪਏ ਐਡਵਾਂਸ ਲੈ ਕੇ ਵੀ ਮਜ਼ਦੂਰ ਨਾ ਪੁੱਜੇ
ਮਾਛੀਵਾੜਾ ਸਾਹਿਬ, 13 ਅਪ੍ਰੈਲ (ਰਾਜਦੀਪ ਸਿੰਘ ਅਲਬੇਲਾ)-ਸਥਾਨਕ ਅਨਾਜ ਮੰਡੀ ਵਿਚ ਕਣਕ ਦੇ ਸੀਜ਼ਨ ਦੌਰਾਨ ਆੜ੍ਹਤੀਆਂ ਤੇ ਕਿਸਾਨਾਂ ਨੂੰ ਇੱਕ ਹੋਰ ਵੱਡੀ ਸਮੱਸਿਆ ਮਜ਼ਦੂਰਾਂ ਦੀ ਘਾਟ ਨਾਲ ਵੀ ਜੂਝਣਾ ਪੈ ਰਿਹਾ ਹੈ | ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ ਬਾਹਰਲੇ ਸੂਬਿਆਂ ਤੋਂ ਮਜ਼ਦੂਰ ਬਹੁਤ ਘੱਟ ਗਿਣਤੀ 'ਚ ਆਏ ਜਿਸ ਦਾ ਮੁੱਖ ਕਾਰਨ ਸਰਕਾਰ ਵਲੋਂ ਤੈਅ ਕੀਤੀ ਘੱਟ ਮਜ਼ਦੂਰੀ ਦੱਸੀ ਜਾ ਰਹੀ ਹੈ | ਮਾਛੀਵਾੜਾ ਆੜ੍ਹਤੀ ਐਸੋਸੀਏਸ਼ਨ ਦੇ ਸੂਬਾ ਉਪ ਪ੍ਰਧਾਨ ਅਰਵਿੰਦਰਪਾਲ ਸਿੰਘ ਵਿੱਕੀ ਅਤੇ ਸਾਬਕਾ ਪ੍ਰਧਾਨ ਹਰਜਿੰਦਰ ਸਿੰਘ ਖੇੜਾ ਨੇ ਦੱਸਿਆ ਕਿ ਫ਼ਸਲ ਦੀ ਭਰਾਈ ਤੇ ਤੁਲਾਈ ਦਾ ਰੇਟ 7.50 ਰੁਪਏ ਪ੍ਰਤੀ ਬੋਰੀ ਰੱਖਿਆ ਗਿਆ ਹੈ ਜਦਕਿ ਸਿਲਾਈ ਦਾ ਰੇਟ 1.71 ਰੁਪਏ ਪ੍ਰਤੀ ਬੋਰੀ ਹੈ, ਚੁਕਾਈ ਦਾ ਰੇਟ 3 ਰੁਪਏ ਪ੍ਰਤੀ ਬੋਰੀ ਹੈ ਅਤੇ ਉਤਰਾਈ ਦਾ ਰੇਟ 2.55 ਰੁਪਏ ਪ੍ਰਤੀ ਬੋਰੀ ਹੈ | ਆੜ੍ਹਤੀਆਂ ਨੇ ਦੱਸਿਆ ਕਿ ਅੱਜ ਦੇ ਮਹਿੰਗਾਈ ਦੇ ਯੁੱਗ ਵਿਚ ਬਾਹਰਲੇ ਸੂਬਿਆਂ ਤੋਂ ਕਿਰਾਇਆ ਖ਼ਰਚ ਕੇ ਘੱਟ ਮਜ਼ਦੂਰੀ 'ਤੇ ਕੰਮ ਕਰਨ ਲਈ ਮਜ਼ਦੂਰ ਮੰਡੀਆਂ 'ਚ ਆਉਣ ਤੋਂ ਟਾਲ਼ਾ ਵੱਟ ਰਹੇ ਹਨ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਮਜ਼ਦੂਰਾਂ ਦੀ ਮਜ਼ਦੂਰੀ ਰੇਟ ਵਿਚ ਨਿਗੂਣਾ ਵਾਧਾ ਕੀਤਾ ਗਿਆ ਹੈ, ਜਿਸ ਨੂੰ ਪ੍ਰਵਾਸੀ ਮਜ਼ਦੂਰਾਂ ਵਲੋਂ ਪ੍ਰਵਾਨ ਨਹੀਂ ਕੀਤਾ | ਆੜ੍ਹਤੀਆਂ ਨੇ ਦੱਸਿਆ ਕਿ ਹਰੇਕ ਸਾਲ ਕਣਕ ਤੇ ਝੋਨੇ ਦੇ ਸੀਜ਼ਨ ਦੌਰਾਨ ਉਹ ਲੇਬਰ ਠੇਕੇਦਾਰਾਂ ਨੂੰ ਐਡਵਾਂਸ ਅਦਾਇਗੀ ਕਰਦੇ ਹਨ ਤਾਂ ਜੋ ਉਹ ਬਾਹਰਲੇ ਸੂਬਿਆਂ ਤੋਂ ਮਜ਼ਦੂਰਾਂ ਨੂੰ ਲਿਆ ਸਕਣ |
ਆੜ੍ਹਤੀਆਂ ਨੇ ਦੱਸਿਆ ਕਿ ਜਾਣਕਾਰੀ ਅਨੁਸਾਰ ਮਾਛੀਵਾੜਾ ਅਨਾਜ ਮੰਡੀ ਤੋਂ ਕਰੀਬ 50 ਲੱਖ ਰੁਪਏ ਐਡਵਾਂਸ ਠੇਕੇਦਾਰਾਂ ਨੂੰ ਮਜ਼ਦੂਰ ਲਿਆਉਣ ਲਈ ਦਿੱਤਾ ਜਾ ਚੁੱਕਾ ਹੈ ਪਰ ਹੁਣ ਸੀਜ਼ਨ ਸ਼ੁਰੂ ਹੋ ਚੁੱਕਾ ਹੈ, ਪਰ ਅਜੇ ਤੱਕ ਮਜ਼ਦੂਰ ਨਹੀਂ ਪਹੁੰਚੇ | ਕਈ ਠੇਕੇਦਾਰਾਂ ਵਲੋਂ ਜਵਾਬ ਦੇ ਦਿੱਤਾ ਗਿਆ ਹੈ ਕਿ ਘੱਟ ਮਜ਼ਦੂਰੀ ਕਾਰਨ ਬਾਹਰਲੇ ਸੂਬਿਆਂ ਤੋਂ ਲੇਬਰ ਨਹੀਂ ਆ ਰਹੀ ਅਤੇ ਕਈ ਠੇਕੇਦਾਰ ਆੜ੍ਹਤੀਆਂ ਦਾ ਪੈਸਾ ਹੜੱਪ ਕਰ ਫ਼ੋਨ ਬੰਦ ਕਰ ਕੇ ਬੈਠ ਗਏ ਹਨ |
ਮਜ਼ਦੂਰਾਂ ਦੀ ਘਾਟ ਕਾਰਨ ਅਨਾਜ ਮੰਡੀ 'ਚ ਆੜ੍ਹਤੀਆਂ ਤੇ ਕਿਸਾਨਾਂ ਨੂੰ ਹੋ ਰਹੀ ਪ੍ਰੇਸ਼ਾਨੀ
ਅਜੀਤ ਡੈਸਕ
14-04-2026