ਸਮਰਾਲਾ, 13 ਅਪ੍ਰੈਲ (ਗੋਪਾਲ ਸੋਫਤ)-ਕਿੰਡਰ ਗਾਰਟਨ ਐਂਡ ਸੀ. ਸੈ. ਸਕੂਲ ਸਮਰਾਲਾ ਵਿਚ ਵਿਸਾਖੀ ਦਾ ਤਿਉਹਾਰ ਹਰ ਸਾਲ ਦੀ ਤਰਾਂ ਇਸ ਸਾਲ ਵੀ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ | ਜਿਸ ਵਿਚ ਨਰਸਰੀ ਤੋਂ ਦੂਜੀ ਜਮਾਤ ਦੇ ਵਿਦਿਆਰਥੀਆਂ ਨੇ ਭੰਗੜਾ ਪੇਸ਼ ਕੀਤਾ ਅਤੇ ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਭਾਸ਼ਣ, ਕਵਿਤਾਵਾਂ ਪੇਸ਼ ਕੀਤੀਆਂ ਤੇ ਸਕੂਲ ਵਲੋਂ ਕਰਵਾਏ ਚਾਰਟ ਮੁਕਾਬਲਿਆਂ ਵਿੱਚ ਸ਼ਮੂਲੀਅਤ ਕੀਤੀ | ਵਿਸਾਖੀ ਦੇ ਸਬੰਧ ਵਿੱਚ ਆਪਣੇ ਵਿਚਾਰ ਸਾਂਝੇ ਕਰਦਿਆਂ ਸਕੂਲ ਦੇ ਉਪ ਚੇਅਰਮੈਨ ਕਮਲਜੀਤ ਸਿੰਘ ਸ਼ਾਹੀ ਨੇ ਵਿਸਾਖੀ ਦੇ ਤਿਉਹਾਰ ਦੇ ਇਤਿਹਾਸ ਬਾਰੇ ਦੱਸਿਆ ਕਿ ਇਸ ਦਿਨ ਸਿੱਖਾਂ ਦੇ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਂ ਪਿਆਰਿਆਂ ਨੂੰ ਅੰਮਿ੍ਤ ਛਕਾਇਆ ਤੇ ਆਪ ਵੀ ਉਨ੍ਹਾਂ ਪਾਸੋਂ ਅੰਮਿ੍ਤ ਛਕ ਕੇ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ, ਨਾਲ ਹੀ ਉਨ੍ਹਾਂ ਨੇ ਵਿਸਾਖੀ ਵਾਲੇ ਦਿਨ 13 ਅਪ੍ਰੈਲ 1919 ਈ. ਵਿਚ ਜਲ਼ਿਆਂ ਵਾਲੇ ਬਾਗ਼ ਦੇ ਸਾਕੇ ਬਾਰੇ ਬੱਚਿਆਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੇ ਕਿਹਾ ਕਿ ਇਸ ਸਾਲ ਇਤਿਹਾਸਕ ਟੂਰ ਵਿਚ ਜਲ਼ਿਆਂ ਵਾਲੇ ਬਾਗ਼ ਨੂੰ ਸ਼ਾਮਿਲ ਕੀਤਾ ਜਾਵੇਗਾ | ਇਸ ਤੋਂ ਬਾਅਦ ਉਨ੍ਹਾਂ ਨੇ 14 ਅਪ੍ਰੈਲ ਨੂੰ 'ਬਾਬਾ ਸਾਹਿਬ' ਦੇ ਜਨਮ ਦਿਨ ਨਾਲ ਸੰਬੰਧਿਤ ਵਿਸ਼ੇਸ਼ 'ਤੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਉਨ੍ਹਾਂ ਨੇ ਦੱਸਿਆ ਕਿ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਸਾਡੇ ਸੰਵਿਧਾਨ ਦੇ ਨਿਰਮਾਤਾ ਹਨ | ਉਨ੍ਹਾਂ ਨੇ ਜਾਤ-ਪਾਤ ਦੇ ਭੇਦ-ਭਾਵ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਤੇ ਸਾਰੀਆਂ ਜਾਤਾਂ ਦੇ ਲੋਕਾਂ ਨੂੰ ਬਰਾਬਰੀ ਦੇ ਹੱਕ ਦੀ ਗੱਲ ਕੀਤੀ | ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਵਿਸਾਖੀ ਵਾਲੇ ਦਿਨ ਕਿਸਾਨ ਇਕੱਠੇ ਮਿਲ ਕੇ ਸਾਂਝੇ ਤੌਰ 'ਤੇ ਕਣਕ ਦੀ ਫ਼ਸਲ ਦੀ ਵਾਢੀ ਸ਼ੁਰੂ ਕਰਦੇ ਸਨ ਪਰ ਅੱਜ ਕੱਲ੍ਹ ਮਸ਼ੀਨੀ ਯੁੱਗ ਆਉਣ ਕਰ ਕੇ ਕਈ-ਕਈ ਦਿਨਾਂ ਦਾ ਕੰਮ ਹੁਣ ਘੰਟਿਆਂ ਵਿਚ ਹੋ ਜਾਂਦਾ ਹੈ | ਉਨ੍ਹਾਂ ਨੇ ਬੱਚਿਆਂ ਨੂੰ ਕਿਹਾ ਕਿ ਸਾਨੂੰ ਉਨ੍ਹਾਂ ਕਿਸਾਨਾਂ ਦਾ ਧੰਨਵਾਦ ਕਰਨਾ ਚਾਹੀਦਾ ਹੈ, ਜਿਨ੍ਹਾਂ ਨੇ ਆਪਣੇ ਖੇਤਾਂ ਵਿਚ ਕਣਕ ਉਗਾ ਕੇ ਸਾਡਾ ਢਿੱਡ ਭਰਦੇ ਹਨ | ਸਕੂਲ ਦੇ ਚੇਅਰਮੈਨ ਦਲਜੀਤ ਸਿੰਘ ਸ਼ਾਹੀ, ਉਪ ਚੇਅਰਮੈਨ. ਕਮਲਜੀਤ ਸਿੰਘ ਸ਼ਾਹੀ, ਡਾਇਰੈਕਟਰ ਸਰਬਜੀਤ ਕੌਰ, ਪਿ੍ੰਸੀਪਲ ਰਣਜੋਤ ਕੌਰ ਨੇ ਸਮੂਹ ਸਟਾਫ਼ ਅਤੇ ਬੱਚਿਆਂ ਨੂੰ ਵਿਸਾਖੀ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ |