ਮਾਛੀਵਾੜਾ ਸਾਹਿਬ, 13 ਅਪ੍ਰੈਲ (ਰਾਜਦੀਪ ਸਿੰਘ ਅਲਬੇਲਾ)-ਕਣਕ ਦੀ ਸੂਬਾ ਸਰਕਾਰ ਵਲੋਂ ਖ਼ਰੀਦ 1 ਅਪ੍ਰੈਲ ਤੋਂ ਸ਼ੁਰੂ ਕੀਤੀ ਹੋਈ ਹੈ, ਪਰ ਸਥਾਨਕ ਅਨਾਜ ਮੰਡੀ ਦੀ ਗੱਲ ਕਰੀਏ ਤਾਂ 13 ਦਿਨਾਂ ਵਿਚ 165 ਕੁਇੰਟਲ ਕਣਕ ਦੀ ਖ਼ਰੀਦ ਹੋਈ ਅਤੇ ਉਹ ਵੀ ਕੇਵਲ ਇੱਕ ਹੀ ਦਿਨ | ਮਾਛੀਵਾੜਾ ਅਨਾਜ ਮੰਡੀ ਵਿਚ ਪਹਿਲਾਂ ਤਾਂ ਆਪਣੀਆਂ ਮੰਗਾਂ ਨੂੰ ਲੈ ਕੇ ਆੜ੍ਹਤੀ ਹੜਤਾਲ 'ਤੇ ਰਹੇ ਅਤੇ ਜਦੋਂ ਫ਼ਸਲ ਦੀ ਆਮਦ ਸ਼ੁਰੂ ਹੋਈ ਤਾਂ ਆੜ੍ਹਤੀਆਂ ਵਲੋਂ ਇਹ ਹੜਤਾਲ ਕਰ ਦਿੱਤੀ ਗਈ | ਪਰ ਹੁਣ ਸਰਕਾਰੀ ਖ਼ਰੀਦ ਏਜੰਸੀਆਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਖ਼ਰੀਦ ਦਾ ਕੰਮ ਠੱਪ ਕੀਤਾ ਹੋਇਆ ਸੀ | ਮਾਰਕੀਟ ਕਮੇਟੀ ਸਕੱਤਰ ਅਰੁਨਿੰਦਰ ਸਿੰਘ ਮਾਂਗਟ ਅਨੁਸਾਰ ਕੇਵਲ 1 ਦਿਨ ਸਰਕਾਰੀ ਖ਼ਰੀਦ ਹੋਈ ਜਿਸ ਤਹਿਤ 165 ਕੁਇੰਟਲ ਕਣਕ ਪਨਗ੍ਰੇਨ ਨੇ ਖਰੀਦੀ ਜਦਕਿ ਬਾਕੀ ਏਜੰਸੀਆਂ ਨੇ ਆਪਣਾ ਖਾਤਾ ਵੀ ਨਾ ਖੋਲਿ੍ਹਆ | ਮੰਡੀ ਵਿਚ ਸੈਂਕੜੇ ਕਿਸਾਨ 10 ਤੋਂ 15 ਹਜ਼ਾਰ ਕੁਇੰਟਲ ਫ਼ਸਲ ਵੇਚਣ ਲਈ ਲਿਆ ਚੁੱਕੇ ਹਨ | ਸੂਬੇ ਦੀਆਂ ਸਰਕਾਰੀ ਖ਼ਰੀਦ ਏਜੰਸੀਆਂ ਵਲੋਂ ਗੜੇਮਾਰੀ ਤੇ ਮੀਂਹ ਕਾਰਨ ਨੁਕਸਾਨੀ ਗਏ ਦਾਣੇ ਮਾਪਦੰਡ 'ਤੇ ਸਹੀ ਨਾ ਉੱਤਰਨ ਕਾਰਨ ਖ਼ਰੀਦ ਬੰਦ ਕੀਤੀ ਹੋਈ ਸੀ | ਮੰਡੀ ਵਿਚ ਕਣਕ ਦੇ ਅੰਬਾਰ ਲੱਗਣੇ ਸ਼ੁਰੂ ਹੋ ਗਏ ਸਨ ਅਤੇ ਐੈੱਫ. ਸੀ. ਆਈ. ਦੀਆਂ ਟੀਮਾਂ ਵਲੋਂ ਨਿਰੀਖਣ ਕੀਤਾ ਜਾ ਰਿਹਾ ਸੀ ਕਿ ਕਣਕ ਦੇ ਦਾਣੇ ਵਿਚ ਕੀ-ਕੀ ਕਮੀਆਂ ਹਨ | ਜਾਣਕਾਰੀ ਅਨੁਸਾਰ ਅੱਜ ਸ਼ਾਮ ਨੂੰ ਖ਼ਰੀਦ ਏਜੰਸੀਆਂ ਦੀ ਤਾਲਮੇਲ ਕਮੇਟੀ ਵਲੋਂ ਸਕੱਤਰ ਫੂਡ ਸਪਲਾਈ ਪੰਜਾਬ ਨਾਲ ਮੀਟਿੰਗ ਹੋਈ | ਜਿਸ ਵਿਚ ਇਹ ਫ਼ੈਸਲਾ ਹੋਇਆ ਕਿ ਜੋ ਵੀ ਕਣਕ ਮਾਪਦੰਡ ਵਿਚ ਖਰੀ ਉੱਤਰਦੀ ਹੈ, ਉਸ ਦੀ ਖ਼ਰੀਦ ਕੀਤੀ ਜਾਵੇ ਅਤੇ ਏਜੰਸੀਆਂ ਦੇ ਨੁਮਾਇੰਦਿਆਂ 'ਤੇ ਕੋਈ ਵੀ ਪ੍ਰਸ਼ਾਸਨਿਕ ਜਾਂ ਸਿਆਸੀ ਦਬਾਅ ਨਹੀਂ ਪਾਇਆ ਜਾਵੇਗਾ |