ਮਲੌਦ, 16 ਅਪ੍ਰੈਲ (ਸਹਾਰਨ ਮਾਜਰਾ)-ਭਾਜਪਾ ਦੇ ਬੇਬਾਕ ਨੇਤਾ ਜ਼ਿਲ੍ਹਾ ਪ੍ਰਧਾਨ ਪ੍ਰੋ. ਭੁਪਿੰਦਰ ਸਿੰਘ ਚੀਮਾ ਨੇ ਕਿਹਾ ਕਿ ਭਾਜਪਾ ਦੀ ਮੋਗਾ 'ਪੰਜਾਬ ਬਦਲਾਅ ਰੈਲੀ' ਨੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਹੁਣ ਭਾਜਪਾ ਦੀ ਸਰਕਾਰ ਬਣਾਉਣ ਲਈ ਸੁਹਿਰਦ ਹੈ ਕਿਉਂਕਿ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਆਪ ਪਾਰਟੀ ਦੀਆਂ ਸਰਕਾਰਾਂ ਜਨਤਾ ਨੇ ਵੇਖ ਲਈਆਂ ਹਨ ਕਿ ਇਨ੍ਹਾਂ ਸਿਰਫ਼ ਵਾਅਦੇ, ਲਾਰੇ ਲੱਪੇ ਤੋਂ ਇਲਾਵਾ ਹੋਰ ਕੁੱਝ ਨਹੀਂ ਕੀਤਾ | ਇਸ ਲਈ ਭਾਜਪਾ ਪੰਜਾਬ ਲਈ ਨਵੀਂ ਦਿਸ਼ਾ, ਨਵਾਂ ਵਿਜ਼ਨ ਲੈ ਕੇ ਆਵੇਗੀ | ਜਿਸ ਨਾਲ ਸੂਬੇ ਦੀ ਹਰ ਪੱਖੋਂ ਹਾਲਤ ਸੁਧਰੇਗੀ | ਇਸ ਮੌਕੇ ਉਨ੍ਹਾਂ ਨਾਲ ਭਾਜਪਾ ਐਜੂਕੇਟਰ ਸੈੱਲ ਦੇ ਸੂਬਾਈ ਕਨਵੀਨਰ ਸੰਜੀਵ ਮੋਦਗਿੱਲ ਵੀ ਹਾਜ਼ਰ ਸਨ | ਪ੍ਰੋ. ਚੀਮਾ ਨੇ ਕਿਹਾ ਕਿ ਪੁਲਿਸ ਜ਼ਿਲ੍ਹਾ ਖੰਨਾ ਅਤੇ ਹਲਕਾ ਪਾਇਲ ਵਿਚ ਭਾਜਪਾ ਵਰਕਰਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਤੇਜ਼ ਕੀਤਾ ਹੋਇਆ ਹੈ ਅਤੇ ਵਰਕਰਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਉਨ੍ਹਾਂ ਦਾਅਵਾ ਕੀਤਾ ਕਿ 2027 ਵਿਧਾਨ ਸਭਾ ਚੋਣਾਂ ਜਿੱਤਣ ਲਈ ਭਾਜਪਾ ਦਾ ਹਰੇਕ ਵਰਕਰ ਅਹਿਮ ਭੂਮਿਕਾ ਨਿਭਾ ਕੇ ਪਾਰਟੀ ਲਈ ਸ਼ਾਨਦਾਰ ਜਿੱਤ ਵਿਚ ਆਪਣਾ ਯੋਗਦਾਨ ਪਾਉਣਗੇ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਪੂਰੀ ਤਰ੍ਹਾਂ ਸੁਰੱਖਿਅਤ ਹੈ ਕਿਉਂਕਿ ਭਾਜਪਾ ਹਰ ਵਰਗ, ਹਰ ਧਰਮ ਦਾ ਸਤਿਕਾਰ ਕਰਦੀ ਹੈ | ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਗਰੀਬ ਪਰਿਵਾਰਾਂ ਨੂੰ ਮੁਫ਼ਤ ਗੈਸ ਸਿਲੰਡਰ, ਮੁਫ਼ਤ ਅਨਾਜ ਦੀ ਸਹੂਲਤ ਅਤੇ 5 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਦੀ ਸਹੂਲਤ ਦਿੱਤੀ ਗਈ ਹੈ | ਕੇਂਦਰੀ ਵਿੱਤ ਕਮਿਸ਼ਨ ਗਰਾਂਟਾਂ ਨਾਲ ਪੰਜਾਬ ਦੇ ਪਿੰਡਾਂ ਦਾ ਸਰਬ ਪੱਖੀ ਵਿਕਾਸ ਜੰਗੀ ਪੱਧਰ ਤੇ ਹੋਇਆ ਹੈ ਅਤੇ ਚੱਲ ਰਿਹਾ ਹੈ | ਚੀਮਾ ਨੇ ਕਿਹਾ ਕਿ ਅੱਜ ਪੰਜਾਬ ਦੀਆਂ ਮਹਿਲਾਵਾਂ ਅਤੇ ਦਲਿਤ ਭਾਈਚਾਰੇ ਨੂੰ ਵਿੱਤੀ ਸਹਾਇਤਾ ਦੀ ਲੋੜ ਹੈ | ਤਾਂ ਕਿ ਉਨ੍ਹਾਂ ਦਾ ਆਰਥਿਕ ਪੱਧਰ ਉੱਚਾ ਹੋ ਸਕੇ | ਉਨ੍ਹਾਂ ਦੋਸ਼ ਲਗਾਇਆ ਕਿ ਕਾਂਗਰਸ ਅਤੇ ਆਪ ਸਰਕਾਰ ਦੋਵੇਂ ਸਿਆਸੀ ਤੌਰ ਤੇ ਰਲੇ ਮਿਲੇ ਹੋਏ ਹਨ | ਬਲਾਕ ਸੰਮਤੀ ਮਲੌਦ ਦੀ ਪ੍ਰਬੰਧਕੀ ਚੋਣ ਦੌਰਾਨ ਇਨ੍ਹਾਂ ਦੀ ਘਿਓ ਖਿਚੜੀ ਸਾਹਮਣੇ ਆ ਗਈ ਹੈ | ਇਸੇ ਤਰਜ਼ ਤੇ ਆਪ ਸਰਕਾਰ ਵਲੋਂ ਝੂਠ ਦੀ ਰਾਜਨੀਤੀ ਕਰਦਿਆਂ ਵਿਕਾਸ ਕਾਰਜਾਂ ਲਈ ਗਰਾਂਟ ਜਾਰੀ ਕਰਨ ਦੇ ਝੂਠੇ ਦਾਅਵੇ ਕੀਤੇ ਜਾ ਰਹੇ ਹਨ | ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਪਿ੍ੰਸੀਪਲ ਸੰਜੀਵ ਮੋਦਗਿੱਲ, ਪਰਸ਼ੋਤਮ ਲਾਲ ਜਿੰਦਲ, ਮੰਡਲ ਪ੍ਰਧਾਨ ਕੁਲਦੀਪ ਸਿੰਘ, ਭਗਵੰਤ ਸਿੰਘ, ਕੁਲਵੰਤ ਸਿੰਘ, ਤੇਜਾ ਸਿੰਘ, ਬਲਵਿੰਦਰ ਸਿੰਘ, ਚੰਦ ਸਿੰਘ, ਸਰਬਜੀਤ ਸਿੰਘ, ਗੁਰਦਾਸ ਸਿੰਘ, ਸਹਿਜਪ੍ਰੀਤ ਸਿੰਘ, ਸੋਨੀ ਸਿੰਘ, ਭਗਵੰਤ ਸਿੰਘ ਆਦਿ ਹਾਜ਼ਰ ਸਨ |