ਕੁਹਾੜਾ, 16 ਅਪ੍ਰੈਲ (ਸੰਦੀਪ ਸਿੰਘ ਕੁਹਾੜਾ)-ਹਲਕਾ ਸਾਹਨੇਵਾਲ ਦੇ ਸਿਆਸੀ ਅਖਾੜੇ ਵਿਚ ਉਸ ਸਮੇਂ ਵੱਡੀ ਹਲਚਲ ਹੋਈ, ਜਦੋਂ ਜੰਡਿਆਲੀ ਦੇ ਸਾਬਕਾ ਸਰਪੰਚ ਧਰਮਜੀਤ ਸਿੰਘ ਗਿੱਲ ਅਤੇ ਮਿਲਕ ਪਲਾਂਟ ਦੇ ਡਾਇਰੈਕਟਰ ਵਲੋਂ ਮੰਤਰੀ ਮੁੰਡੀਆਂ 'ਤੇ ਲੰਘੀਆਂ ਪੰਚਾਇਤੀ ਚੋਣਾਂ 'ਚ 30 ਲੱਖ ਰੁਪਏ ਮੰਗਣ, ਧੱਕੇਸ਼ਾਹੀ ਅਤੇ ਆਗਾਮੀ ਸਹਿਕਾਰੀ ਸਭਾ ਜੰਡਿਆਲੀ ਰਾਮਗੜ੍ਹ ਦੀਆਂ ਚੋਣਾ ਵਿਚ ਦਖ਼ਲਅੰਦਾਜ਼ੀ ਕਰਨ ਦੇ ਦੋਸ਼ ਲਗਾਏ ਗਏ | ਉਨ੍ਹਾਂ ਦੱਸਿਆ ਕਿ ਮੈਂ ਤੇ ਮੇਰਾ ਪਰਿਵਾਰ ਪਿਛਲੇ ਕਈ ਸਾਲਾਂ ਤੋਂ ਪਿੰਡ ਜੰਡਿਆਲੀ ਦੇ ਸਰਪੰਚ ਰਹੇ ਅਤੇ ਇਸੇ ਕਾਰਜਕਾਲ ਦੌਰਾਨ ਪਿੰਡ ਵਿਚ ਕਰੀਬ 65 ਕਰੋੜ ਦੇ ਵਿਕਾਸ ਕਾਰਜ ਕਰਵਾਉਣ ਦਾ ਦਾਅਵਾ ਕੀਤਾ | ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੰਤਰੀ ਵਲੋਂ ਲੰਘੀਆਂ ਪੰਚਾਇਤੀ ਚੋਣਾਂ ਦੌਰਾਨ ਮੇਰੇ ਪਰਿਵਾਰ ਦੇ ਚਾਰ ਮੈਂਬਰਾਂ ਦੇ ਨਾਮਜ਼ਦਗੀ ਪੱਤਰ ਸਾਜ਼ਿਸ਼ ਤਹਿਤ ਰੱਦ ਕਰਵਾ ਕੇ ਆਪਣੇ ਉਮੀਦਵਾਰ ਨੂੰ ਸਰਪੰਚ ਬਣਾਇਆ ਗਿਆ | ਸਾਬਕਾ ਸਰਪੰਚ ਨੇ ਕਿਹਾ ਕਿ ਮੰਤਰੀ ਪੱਖੋਂ ਉਨ੍ਹਾਂ ਤੋਂ ਸਰਪੰਚੀ ਲਈ 30 ਲੱਖ ਦੀ ਮੰਗ ਕੀਤੀ ਗਈ ਸੀ, ਜਿਸ ਨੂੰ ਉਨ੍ਹਾਂ ਨੇ ਠੁਕਰਾ ਦਿੱਤਾ | ਉਨ੍ਹਾਂ ਕਿਹਾ ਕਿ ਹੁਣ ਮੰਤਰੀ ਮੁੰਡੀਆਂ ਵਲੋਂ 20 ਅਤੇ 21 ਅਪ੍ਰੈਲ ਨੂੰ ਹੋਣ ਵਾਲੀਆਂ ਜੰਡਿਆਲੀ ਅਤੇ ਰਾਮਗੜ੍ਹ ਸਹਿਕਾਰੀ ਸਭਾਵਾਂ ਦੀਆਂ ਚੋਣਾਂ ਆਪਣੇ ਉਮੀਦਵਾਰ ਦੇ ਹੱਕ ਵਿਚ ਕਰਵਾਉਣ ਲਈ ਦਖ਼ਲਅੰਦਾਜ਼ੀ ਕੀਤੀ ਜਾ ਰਹੀ ਹੈ ਅਤੇ ਚੋਣਾਂ ਕਰਾਉਣ ਵਾਲੇ ਇੰਸਪੈਕਟਰਾਂ ਅਤੇ ਸਰਕਾਰੀ ਅਧਿਕਾਰੀਆਂ ਤੇ ਦਬਾਅ ਪਾਇਆ ਜਾ ਰਿਹਾ ਹੈ | ਇਹ ਸਾਰਾ ਮਾਮਲਾ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਰਿਹਾ ਹੈ | ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਕਿ ਮਾਮਲੇ ਦੀ ਉੱਚ ਪੱਧਰੀ ਵਿਜੀਲੈਂਸ ਜਾਂਚ ਕਰਵਾਈ ਜਾਵੇ ਅਤੇ ਸਹਿਕਾਰੀ ਸਭਾਵਾਂ ਦੀਆਂ ਚੋਣਾਂ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਈਆਂ ਜਾਣ |