ਈਸੜੂ, 19 ਅਪ੍ਰੈਲ (ਬਲਵਿੰਦਰ ਸਿੰਘ)- ਪਿੰਡ ਰੋਹਣੋਂ ਖੁਰਦ ਵਿਖੇ ਬੀਤੀ ਰਾਤ ਸ਼ਰਾਰਤੀ ਅਨਸਰਾਂ ਨੇ ਪੰਜਾਬ ਸਰਕਾਰ ਵਲੋਂ ਖੇਡ ਮੈਦਾਨ ਵਿਚ ਲਗਾਏ ਬੋਰਡ ਨੂੰ ਪਾੜ ਕੇ ਟੋਭੇ 'ਚ ਸੁੱਟ ਦਿੱਤਾ | ਇੱਥੇ ਵਰਨਣਯੋਗ ਹੈ ਕਿ ਗੱਲ ਇੱਥੋਂ ਅੱਗੇ ਇਸ ਲਈ ਗੰਭੀਰ ਬਣ ਗਈ ਜਦੋਂ ਇਸ ਬੋਰਡ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੇ 350ਵੇਂ ਸਬੰਧੀ ਲਾਈਨਾਂ ਲਿਖੀਆਂ ਹੋਈਆਂ ਸਨ | ਇਸ ਸਬੰਧੀ ਪਿੰਡ ਰੋਹਣੋਂ ਖੁਰਦ ਦੇ ਹੀ ਨੰਬਰਦਾਰ ਸੰਤੋਖ ਸਿੰਘ ਬੈਨੀਪਾਲ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਲਗਾਏ ਬੋਰਡ ਕੋਲੋਂ ਮੈਂ ਦੇਰ ਰਾਤ ਇਸ ਰਸਤੇ ਤੋਂ ਲੰਘਦਿਆਂ ਦੇਖਿਆ ਸੀ ਕਿ ਬੋਰਡ ਬਿਲਕੁਲ ਸਹੀ ਸਲਾਮਤ ਸੀ ਪਰ ਸਵੇਰੇ ਜਦੋਂ ਮੈਂ ਇੱਥੋਂ ਲੰਘਿਆ ਤਾਂ ਸ਼ਰਾਰਤੀ ਅਨਸਰਾਂ ਵਲੋਂ ਬੋਰਡ ਪਾੜ ਕੇ ਨਜ਼ਦੀਕੀ ਟੋਭੇ ਵਿੱਚ ਸੁੱਟਿਆ ਹੋਇਆ ਸੀ | ਉਨ੍ਹਾਂ ਦੱਸਿਆ ਕਿ ਮੈਂ ਇਕ ਚੰਗਾ ਨਾਗਰਿਕ ਹੋਣ ਦੇ ਨਾਤੇ ਆਪਣਾ ਫ਼ਰਜ਼ ਸਮਝਦਿਆਂ ਸਰਕਾਰ ਦੀ ਹੈਲਪ ਲਾਇਨ ਨੰਬਰ 112 'ਤੇ ਤੁਰੰਤ ਸੂਚਿਤ ਕਰਦਿਆਂ ਸਾਰੀ ਘਟਨਾ ਤੋਂ ਜਾਣੂ ਕਰਵਾ ਦਿੱਤਾ, ਜਿਸ ਤੇ ਪੁਲਸ ਵਿਭਾਗ ਨੇ ਤੁਰੰਤ ਕਾਰਵਾਈ ਕਰਦਿਆਂ ਪੁਲਸ ਦੀਆਂ ਟੀਮਾਂ ਮੌਕੇ ਤੇ ਭੇਜੀਆਂ ਤੇ ਮੌਕਾ ਦੇਖ ਕੇ ਉਚ ਅਧਿਕਾਰੀਆਂ ਨੂੰ ਸੂਚਿਤ ਕੀਤਾ | ਉਨ੍ਹਾਂ ਕਿਹਾ ਕਿ ਇਸ ਘਿਣਾਉਣੀ ਕਾਰਵਾਈ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਬਖ਼ਸ਼ਿਆਂ ਨਹੀਂ ਜਾਣਾ ਚਾਹੀਦਾ |