ਜੌੜੇਪੁਲ ਜਰਗ, 21 ਅਪਰੈਲ (ਪਾਲਾ ਰਾਜੇਵਾਲੀਆਂ)-ਬੈਨੀਪਾਲ ਰੈਸਲਿੰਗ ਸੈਂਟਰ ਰੌਣੀ ਵੱਲੋਂ ਪ੍ਰਵਾਸੀ ਭਰਾਵਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬਾਬਾ ਬਾਲਕ ਨਾਥ ਰੱਖੜਾ ਮਡੌੜ ਵਾਲਿਆਂ ਦੇ ਆਸ਼ੀਰਵਾਦ ਸਦਕਾ ਅੰਤਰਰਾਸ਼ਟਰੀ ਪਹਿਲਵਾਨ ਅਮਰੀਕ ਸਿੰਘ ਰੌਣੀ ਦੀ ਸਰਪ੍ਰਸਤੀ ਹੇਠ 11 ਮਈ ਨੂੰ 28ਵਾਂ ਭਾਰੀ ਦੰਗਲ ਮੇਲਾ ਕਰਵਾਉਣ ਸੰਬੰਧੀ ਮੀਟਿੰਗ ਕੀਤੀ ਗਈ | ਇਸ ਦੰਗਲ ਮੇਲੇ ਦੇ ਮੁੱਖ ਪ੍ਰਬੰਧਕ ਪਹਿਲਵਾਨ ਅਮਰੀਕ ਸਿੰਘ ਰੌਣੀ, ਸਰਬਜੀਤ ਸਿੰਘ ਲੱਕੀ ਰੌਣੀ, ਡਾ. ਸ਼ਿੰਗਾਰਾ ਸਿੰਘ ਮੁੱਲਾਂਪੁਰ ਅਤੇ ਭਲਵਾਨ ਮਨਦੀਪ ਸਿੰਘ ਹੋਲ ਨੇ ਦੱਸਿਆ ਕਿ ਇਸ ਦੰਗਲ ਮੇਲੇ ਵਿੱਚ 30 ਨਾਮਵਰ ਅਖਾੜਿਆਂ ਦੇ ਪੱਠੇ ਆਪਣੀ ਤਾਕਤ ਦਾ ਜੌਹਰ ਵਿਖਾਉਣਗੇ | ਉਨਾਂ ਕਿਹਾ ਕਿ ਵੱਡੀ ਝੰਡੀ ਦੀ ਕੁਸ਼ਤੀ ਮਹਿੰਦਰ ਗਾਇਕਵਾੜ ਮਹਾਰਾਸ਼ਟਰ ਅਤੇ ਸ਼ੇਰਾ ਗੁੱਜਰ ਬਾਬਾ ਫਲਾਹੀ ਵਿਚਕਾਰ ਹੋਵੇਗੀ ਤੇ ਜੇਤੂ ਪਹਿਲਵਾਨ ਨੂੰ ਨਵਾ ਮੈਸ਼ੀ ਟਰੈਕਟਰ ਦਿੱਤਾ ਜਾਵੇਗਾ | ਪੰਜ ਝੰਡੀ ਦੀਆਂ ਕੁਸ਼ਤੀਆਂ ਡੇਢ-ਡੇਢ ਲੱਖ ਰੁਪਏ ਦੀਆਂ, 2 ਝੰਡੀ ਦੀਆਂ ਕੁਸ਼ਤੀਆਂ 1-1 ਲੱਖ ਦੀਆਂ, 3 ਝੰਡੀ ਦੀਆਂ ਕੁਸ਼ਤੀਆਂ 51-51 ਹਜ਼ਾਰ ਅਤੇ 31, 21 ਅਤੇ 11 ਹਜ਼ਾਰ ਦੀਆਂ ਝੰਡੀ ਦੀਆਂ ਕੁਸ਼ਤੀਆਂ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਹੋਣਗੀਆਂ | ਉਨਾਂ ਕਿਹਾ ਕਿ ਇਸ ਦੰਗਲ ਮੇਲੇ ਵਿੱਚ ਕੇਵਲ ਸੱਦਾ ਪੱਤਰ ਵਾਲੇ ਪਹਿਲਵਾਨ ਹੀ ਜੌਹਰ ਦਿਖਾਉਣਗੇ | ਇਸ ਮੌਕੇ 'ਤੇ ਪਹਿਲਵਾਨ ਅਮਰੀਕ ਸਿੰਘ ਰੌਣੀ ਨੇ ਅੱਗੇ ਕਿਹਾ ਕਿ ਦੰਗਲ ਮੇਲੇ ਦਾ ਉਦਘਾਟਨ ਸੰਤ ਭੁਪਿੰਦਰ ਸਿੰਘ ਮੁਖੀ ਗੁਰਦੁਆਰਾ ਯਾਦਗਾਰ ਰਾੜਾ ਸਾਹਿਬ ਜਰਗ ਕਰਨਗੇ | ਇਸ ਦੰਗਲ ਮੇਲੇ ਦੌਰਾਨ ਦੰਗਲ ਕਮੇਟੀ ਵੱਲੋ ਦੀਪਾ ਬਾਬਾ ਫਲਾਹੀ, ਸਿਟੀ ਪੈੱ੍ਰਸ ਕਲੱਬ ਪਾਇਲ ਦੇ ਪ੍ਰਧਾਨ ਦੇਵਿੰਦਰ ਸਿੰਘ ਜੱਗੀ, ਕੁਮੈਂਟੇਟਰ ਕੁਲਵੀਰ ਕਾਈਨੌਰ ਅਤੇ ਜੱਸਾ ਪਹਿਲਵਾਨ ਨਾਡਾ ਗੁੱਜਰਾਂ ਦਾ ਸੋਨੇ ਦੀਆਂ ਮੁੰਦਰੀਆਂ ਨਾਲ ਵਿਸੇਸ਼ ਤੌਰ 'ਤੇ ਸਨਮਾਨ ਕੀਤਾ ਜਾਵੇਗਾ | ਇਸ ਦੰਗਲ ਮੇਲੇ 'ਤੇ ਪੰਜਾਬੀ ਦੇ ਅਮੀਰ ਵਿਰਸੇ ਨਾਲ ਸਬੰਧਿਤ ਪੁਰਾਤਨ ਗਵੱਈਏ ਢੱਡ ਸਾਰੰਗੀ ਵਾਲਿਆਂ ਵੱਲੋਂ ਲੋਕ ਗਾਇਕੀ ਦਾ ਖੁੱਲਾ ਅਖਾੜਾ ਲਗਾ ਕੇ ਦਰਸ਼ਕਾਂ ਦਾ ਮਨੋਰੰਜਨ ਕੀਤਾ ਜਾਵੇਗਾ | ਇਸ ਮੀਟਿੰਗ ਵਿੱਚ ਪਹਿਲਵਾਨ ਬਿੱਟੂ ਵਿਰਦੀ, ਖ਼ਜ਼ਾਨਚੀ ਡਾ. ਅਮਰੀਕ ਸਿੰਘ, ਨਛੱਤਰ ਸਿੰਘ, ਮੱਘਰ ਸਿੰਘ ਦੀਵਾਨਾ, ਜਮੀਲ ਖਾਂ ਦੀਵਾ, ਤੇਜਵੀਰ ਸਿੰਘ ਤੇਜੀ, ਜਸਪ੍ਰੀਤ ਸਿੰਘ ਕੈਨੇਡਾ, ਪਹਿਲਵਾਨ ਬਾਜ ਤੇ ਤਾਜ ਰੌਣੀ, ਅੰਕਿਤ ਰੌਣੀ, ਕਾਹਨਾਂ ਰੌਣੀ, ਹਰਸ਼, ਹਰਮਨ ਅਤੇ ਕੋਚ ਗੁਰਦਿਆਲ ਰੌਣੀ ਹਾਜ਼ਰ ਸਨ | ਇਸ ਦੰਗਲ ਮੇਲੇ 'ਤੇ ਦੇਸੀ ਘਿਓ ਦਾ ਲੰਗਰ ਅਤੁੱਟ ਵਰਤੇਗਾ |