ਸਾਹਨੇਵਾਲ, 22 ਅਪ੍ਰੈਲ (ਹਨੀ ਚਾਠਲੀ)- 'ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ' ਗੁਰਬਾਣੀ ਦੇ ਸ਼ਬਦ ਨੂੰ ਮੁੱਖ ਰੱਖਦੇ ਹੋਏ ਕਲਗ਼ੀਧਰ ਅਕੈਡਮੀ ਸੀਨੀਅਰ ਸੈਕੰਡਰੀ ਸਕੂਲ ਦੁੱਗਰੀ ਵਿਖੇ 'ਵਿਸ਼ਵ ਧਰਤੀ ਦਿਵਸ' ਮਨਾਇਆ ਗਿਆ | ਸਕੂਲ ਦੇ ਸਾਇੰਸ ਅਧਿਆਪਕਾਂ ਦੀ ਦੇਖ-ਰੇਖ ਹੇਠ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ | ਪ੍ਰੋਗਰਾਮ ਦੀ ਸ਼ੁਰੂਆਤ ਇੱਕ ਵਿਦਿਆਰਥਣ ਦੁਆਰਾ ਸਪੀਚ ਪੇਸ਼ ਕਰ ਕੇ ਕੀਤੀ ਗਈ, ਜਿਸ ਵਿਚ ਵੱਧ ਤੋਂ ਵੱਧ ਰੁੱਖ ਲਗਾਉਣ, ਧਰਤੀ ਨੂੰ ਪ੍ਰਦੂਸ਼ਣ ਤੋਂ ਬਚਾਉਣ ਦਾ ਬਹੁਤ ਹੀ ਸੋਹਣਾ ਸੁਨੇਹਾ ਦਿੱਤਾ ਗਿਆ | ਪ੍ਰੋਗਰਾਮ ਵਿਚ ਵੱਖ-ਵੱਖ ਵਿਸ਼ਿਆਂ ਜਿਵੇਂ ਕਿ ਵਿਸ਼ਵ ਪੱਧਰ 'ਤੇ ਪਲਾਸਟਿਕ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ ਅਤੇ ਹਵਾ ਪ੍ਰਦੂਸ਼ਣ ਦਾ ਇੱਕੋ ਇੱਕ ਹੱਲ ਬਿਜਲੀ ਵਾਲੇ ਵਾਹਨ ਬਾਰੇ ਬਹੁਤ ਹੀ ਸੋਹਣੇ ਤਰੀਕੇ ਨਾਲ ਬੱਚਿਆਂ ਦੀ ਵਾਦ-ਵਿਵਾਦ ਪ੍ਰਤੀਯੋਗਤਾ ਕਰਵਾਈ ਗਈ, ਜਿਸ ਵਿਚ ਸਕੂਲ ਦੇ ਬੱਚਿਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ | ਇਸ ਤੋਂ ਇਲਾਵਾ ਸਕੂਲ ਅਸੈਂਬਲੀ ਵਿਚ ਡਸਟ ਬਿੰਨ ਅਵੇਅਰਨੈੱਸ ਕੈਂਪ ਲਗਾਇਆ ਗਿਆ ਅਤੇ ਬੱਚਿਆਂ ਨੂੰ ਵੱਖ-ਵੱਖ ਤਰ੍ਹਾਂ ਦੇ ਡਸਟ ਬਿੰਨਾਂ ਬਾਰੇ ਜਾਣਕਾਰੀ ਦਿੱਤੀ ਗਈ | ਸਕੂਲ ਵਿਚ ਪਹਿਲੀ ਜਮਾਤ ਤੋਂ ਬਾਰ੍ਹਵੀਂ ਜਮਾਤ ਦੇ ਬੱਚਿਆਂ ਨੇ ਜਮਾਤ ਦੇ ਡਿਸਪਲੇ ਬੋਰਡਾਂ 'ਤੇ ਅਰਥ-ਡੇ ਬਾਰੇ ਪੇਸ਼ਕਾਰੀ ਪੇਸ਼ ਕੀਤੀ | ਸਕੂਲ ਦੇ ਪਿ੍ੰਸੀਪਲ ਭੁਪਿੰਦਰਜੀਤ ਕੌਰ ਬੇਦੀ ਨੇ ਬੱਚਿਆਂ ਨੂੰ ਕਿਹਾ ਕਿ ਜਦੋਂ ਸਾਡੇ ਮਨ ਦਾ ਵਾਤਾਵਰਨ ਮੰਦਿਰ ਵਰਗਾ ਸ਼ੁੱਧ ਤੇ ਸ਼ਾਂਤ ਹੁੰਦਾ ਹੈ ਤਾਂ ਬਾਹਰਲਾ ਵਾਤਾਵਰਨ ਆਪਣੇ ਆਪ ਸਵਰਗ ਵਾਂਗ ਹਰਿਆ-ਭਰਿਆ ਤੇ ਪਵਿੱਤਰ ਬਣ ਜਾਂਦਾ ਹੈ, ਸੋ ਸਾਡੀ ਸੋਚ ਦੀ ਸ਼ੁੱਧਤਾ ਤੇ ਇਰਾਦਿਆਂ ਦੀ ਦਇਆ ਹੀ ਕੁਦਰਤ ਪ੍ਰਤੀ ਪਿਆਰ ਦੇ ਰੂਪ ਵਿਚ ਪ੍ਰਗਟ ਹੁੰਦੀ | ਸਕੂਲ ਦੇ ਮੈਨੇਜਰ ਲਖਵੀਰ ਸਿੰਘ ਹਰਾ ਨੇ ਦੱਸਿਆ ਕਿ ਇਸ ਦਿਵਸ ਨੂੰ ਮਨਾਉਣ ਦਾ ਉਦੇਸ਼ ਬੱਚਿਆਂ ਨੂੰ ਹਵਾ ਤੇ ਪਾਣੀ ਪ੍ਰਦੂਸ਼ਣ, ਪਲਾਸਟਿਕ ਦੀ ਰਹਿੰਦ-ਖੂੰਹਦ ਤੇ ਜੰਗਲਾਂ ਦੀ ਕਟਾਈ ਪ੍ਰਤੀ ਜਾਗਰੂਕ ਕਰਨਾ ਹੈ | ਇਹ ਦਿਨ ਸਾਨੂੰ ਸਿਖਾਉਂਦਾ ਹੈ ਕਿ ਧਰਤੀ ਨੂੰ ਬਚਾਉਣ ਲਈ ਸਾਨੂੰ ਇਕੱਠੇ ਕੰਮ ਕਰਨਾ ਪਵੇਗਾ |