ਖੰਨਾ, 12 ਜੂਨ (ਹਰਜਿੰਦਰ ਸਿੰਘ ਲਾਲ)-ਖੰਨਾ ਵਿਚ ਆਮ ਆਦਮੀ ਕਲੀਨਿਕਾਂ ਨੂੰ ਲੈ ਕੇ ਕਾਂਗਰਸ ਵਲੋਂ ਕੀਤੇ ਜਾ ਰਹੇ ਝੂਠੇ ਦਾਅਵਿਆਂ ਦਾ ਪੰਜਾਬ ਦੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਸ਼ੁੱਕਰਵਾਰ ਨੂੰ ਜਵਾਬ ਦਿੱਤਾ | ਮੰਤਰੀ ਸੌਂਦ ਖ਼ੁਦ ਖੰਨਾ ਦੇ ਵੱਖ-ਵੱਖ ਆਮ ਆਦਮੀ ਕਲੀਨਿਕਾਂ ਵਿਚ ਪਹੁੰਚੇ, ਜਿੱਥੇ ਉਨ੍ਹਾਂ ਨੇ ਪ੍ਰਬੰਧਾਂ ਦਾ ਜਾਇਜ਼ਾ ਲਿਆ, ਮਰੀਜ਼ਾਂ ਨਾਲ ਗੱਲਬਾਤ ਕੀਤੀ ਅਤੇ ਆਪਣੇ ਪੂਰੇ ਦੌਰੇ ਦਾ ਸੋਸ਼ਲ ਮੀਡੀਆ 'ਤੇ ਲਾਈਵ ਪ੍ਰਸਾਰਨ ਕੀਤਾ | ਇਸ ਦੌਰਾਨ ਉਨ੍ਹਾਂ ਕਾਂਗਰਸ ਵਲੋਂ ਲਗਾਏ ਜਾ ਰਹੇ ਦੋਸ਼ਾਂ ਨੂੰ ਝੂਠਾ ਅਤੇ ਬੇਬੁਨਿਆਦ ਕਰਾਰ ਦਿੱਤਾ | ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਵਲੋਂ ਫੈਲਾਏ ਜਾ ਰਹੇ ਝੂਠ ਦੀ ਸਚਾਈ ਲੋਕਾਂ ਸਾਹਮਣੇ ਲਿਆਉਣਾ ਜ਼ਰੂਰੀ ਸੀ ਅਤੇ ਅੱਜ ਲੋਕਾਂ ਨੇ ਖ਼ੁਦ ਦੇਖ ਲਿਆ ਹੈ ਕਿ ਕਲੀਨਿਕ ਪੂਰੀ ਤਰ੍ਹਾਂ ਚੱਲ ਰਹੇ ਹਨ ਅਤੇ ਮਰੀਜ਼ਾਂ ਨੂੰ ਨਿਯਮਿਤ ਸਿਹਤ ਸੇਵਾਵਾਂ ਮਿਲ ਰਹੀਆਂ ਹਨ | ਗੌਰਤਲਬ ਹੈ ਕਿ ਹਾਲ ਹੀ ਵਿਚ ਖੰਨਾ ਕਾਂਗਰਸ ਦੇ ਸੋਸ਼ਲ ਮੀਡੀਆ ਪੇਜ 'ਤੇ ਇੱਕ ਵੀਡੀਓ ਵਾਇਰਲ ਕੀਤੀ ਗਈ ਸੀ, ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਇਲਾਕੇ ਦੇ ਆਮ ਆਦਮੀ ਕਲੀਨਿਕ ਬੰਦ ਹਨ ਅਤੇ ਲੋਕਾਂ ਨੂੰ ਸਿਹਤ ਸਹੂਲਤਾਂ ਨਹੀਂ ਮਿਲ ਰਹੀਆਂ | ਇਸ ਵੀਡੀਓ ਤੋਂ ਬਾਅਦ ਕੈਬਨਿਟ ਮੰਤਰੀ ਸੌਂਦ ਖ਼ੁਦ ਮੈਦਾਨ ਵਿਚ ਉਤਰੇ ਅਤੇ ਕਾਂਗਰਸ ਦੇ ਝੂਠੇ ਦਾਅਵਿਆਂ ਦੀ ਹਕੀਕਤ ਲੋਕਾਂ ਸਾਹਮਣੇ ਰੱਖੀ | ਦੌਰੇ ਦੌਰਾਨ ਮੰਤਰੀ ਸੌਂਦ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸਿਹਤ ਸੇਵਾਵਾਂ ਨੂੰ ਲੋਕਾਂ ਦੇ ਘਰਾਂ ਤੱਕ ਪਹੁੰਚਾਉਣ ਦਾ ਕੰਮ ਕਰ ਰਹੀ ਹੈ | ਉਨ੍ਹਾਂ ਨੇ ਮਰੀਜ਼ਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਕਿਹਾ ਕਿ ਜੇਕਰ ਕਲੀਨਿਕ ਬੰਦ ਹੁੰਦੇ ਤਾਂ ਇੱਥੇ ਮਰੀਜ਼ ਇਲਾਜ ਕਰਵਾਉਣ ਲਈ ਕਿਉਂ ਆਉਂਦੇ? ਮੰਤਰੀ ਨੇ ਦਵਾਈਆਂ ਦੇ ਸਟੋਰਾਂ ਦਾ ਵੀ ਜਾਇਜ਼ਾ ਲਿਆ ਅਤੇ ਉਪਲਬਧ ਦਵਾਈਆਂ ਬਾਰੇ ਜਾਣਕਾਰੀ ਹਾਸਲ ਕੀਤੀ | ਉਨ੍ਹਾਂ ਦੱਸਿਆ ਕਿ ਆਮ ਆਦਮੀ ਕਲੀਨਿਕਾਂ ਵਿਚ 100 ਤੋਂ ਵੱਧ ਲੋੜੀਂਦੀਆਂ ਦਵਾਈਆਂ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ ਅਤੇ ਕਈ ਤਰ੍ਹਾਂ ਦੇ ਮੈਡੀਕਲ ਟੈੱਸਟ ਵੀ ਬਿਨਾਂ ਕਿਸੇ ਖਰਚੇ ਦੇ ਕੀਤੇ ਜਾ ਰਹੇ ਹਨ | ਮੰਤਰੀ ਸੌਂਦ ਨੇ ਖੰਨਾ ਦੇ ਐੱਸ. ਐੱਮ. ਓ. ਡਾ. ਮਨਿੰਦਰ ਸਿੰਘ ਭਸੀਨ ਦੀ ਵਿਸ਼ੇਸ਼ ਤੌਰ 'ਤੇ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਸ਼ਾਨਦਾਰ ਕੰਮ ਕਰ ਰਹੀ ਹੈ | ਇਸ ਦੇ ਨਾਲ ਹੀ ਉਨ੍ਹਾਂ ਮਾਨੰੂਪੁਰ ਦੇ ਐੱਸ. ਐੱਮ. ਓ. ਡਾ. ਸੁਦੀਪ ਸਿੱਧੂ ਦੀਆਂ ਸੇਵਾਵਾਂ ਦੀ ਵੀ ਪ੍ਰਸ਼ੰਸਾ ਕੀਤੀ | ਕਾਂਗਰਸ 'ਤੇ ਨਿਸ਼ਾਨਾ ਸਾਧਦਿਆਂ ਮੰਤਰੀ ਸੌਂਦ ਨੇ ਕਿਹਾ ਕਿ ਵਿਰੋਧੀ ਧਿਰ ਆਮ ਆਦਮੀ ਪਾਰਟੀ ਦੀ ਵਧਦੀ ਲੋਕਪਿ੍ਯਤਾ ਅਤੇ ਲੋਕ-ਹਿਤੈਸ਼ੀ ਨੀਤੀਆਂ ਤੋਂ ਘਬਰਾਈ ਹੋਈ ਹੈ | ਇਸ ਮੌਕੇ ਮੰਤਰੀ ਦੇ ਨਾਲ ਖੰਨਾ ਦੇ ਐੱਸ. ਐੱਮ. ਓ. ਡਾ. ਮਨਿੰਦਰ ਸਿੰਘ ਭਸੀਨ, ਮਾਨੂਪੁਰ ਦੇ ਐੱਸ. ਐੱਮ. ਓ. ਡਾ. ਸੁਦੀਪ ਸਿੱਧੂ, ਮੰਤਰੀ ਦੇ ਓ. ਐੱਸ. ਡੀ. ਕਰਨ ਅਰੋੜਾ, ਕੌਂਸਲਰ ਹਰੀਸ਼ ਗੁਪਤਾ, ਕੌਂਸਲਰ ਰਾਜਿੰਦਰ ਸਿੰਘ ਜੀਤ ਅਤੇ ਹੋਰ ਪਾਰਟੀ ਆਗੂ ਵੀ ਮੌਜੂਦ ਸਨ |