ਹਰ ਪਿੰਡ ਤੇ ਗਲੀ-ਮੁਹੱਲੇ ਵਿੱਚ ਭਰੇ ਜਾ ਰਹੇ ਫਾਰਮ, ਲੋਕ ਭਲਾਈ ਸਕੀਮਾਂ ਬਣੀਆਂ ਜਨ- ਚਰਚਾ ਦਾ ਕੇਂਦਰ
ਰਾੜਾ ਸਾਹਿਬ, 21 ਜੂਨ (ਸੁਖਵੀਰ ਸਿੰਘ ਚਣਕੋਈਆਂ)- ਪੰਜਾਬ ਵਿੱਚ ਇਸ ਸਮੇਂ ਸੂਬਾ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਦੀ ਚਰਚਾ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਸੁਣਾਈ ਦੇ ਰਹੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚਲਾਈਆਂ ਜਾ ਰਹੀਆਂ ‘ਮੇਰੀ ਰਸੋਈ’ ਰਾਸ਼ਨ ਕਿੱਟ ਯੋਜਨਾ ਅਤੇ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਲਈ ਵੱਡੀ ਗਿਣਤੀ ਵਿੱਚ ਲੋਕ ਰਜਿਸਟਰੇਸ਼ਨ ਕਰਵਾ ਰਹੇ ਹਨ। ਸਰਕਾਰੀ ਅੰਕੜਿਆਂ ਅਨੁਸਾਰ ਰਾਸ਼ਨ ਕਿੱਟਾਂ ਰਾਹੀਂ ਲੱਖਾਂ ਪਰਿਵਾਰਾਂ ਨੂੰ ਰਸੋਈ ਦੀਆਂ ਜ਼ਰੂਰੀ ਵਸਤਾਂ ਮੁਹੱਈਆ ਕਰਵਾਉਣ ਅਤੇ ਮਹਿਲਾਵਾਂ ਨੂੰ ਮਾਸਿਕ ਵਿੱਤੀ ਸਹਾਇਤਾ ਦੇਣ ਦੀ ਯੋਜਨਾ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੋਇਆ ਹੈ। ਪੰਜਾਬ ਦੇ ਪਿੰਡਾਂ, ਗਲੀਆਂ-ਮੁਹੱਲਿਆਂ ਵਿੱਚ ਆਂਗਣਵਾੜੀ ਕੇਂਦਰਾਂ ਸਮੇਤ ਵੱਖ-ਵੱਖ ਨਿਰਧਾਰਿਤ ਥਾਵਾਂ ‘ਤੇ ਮਹਿਲਾ ਸਤਿਕਾਰ ਸਖੀਆ ਵੱਲੋਂ ਫਾਰਮ ਭਰਨ ਦਾ ਕੰਮ ਜਾਰੀ ਹੈ। ਸਰਕਾਰ ਦਾ ਦਾਅਵਾ ਹੈ ਕਿ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਵੱਡੀ ਗਿਣਤੀ ਮਹਿਲਾਵਾਂ ਨੂੰ ਸਿੱਧਾ ਬੈਂਕ ਖਾਤਿਆਂ ਵਿੱਚ ਵਿੱਤੀ ਸਹਾਇਤਾ ਦਿੱਤੀ ਜਾਵੇਗੀ, ਜਿਸ ਨਾਲ ਘਰੇਲੂ ਆਰਥਿਕਤਾ ਨੂੰ ਮਜ਼ਬੂਤੀ ਮਿਲੇਗੀ। ਇਸੇ ਤਰ੍ਹਾਂ ‘ਮੇਰੀ ਰਸੋਈ’ ਯੋਜਨਾ ਤਹਿਤ ਰਾਸ਼ਨ ਕਿੱਟਾਂ ਦੇ ਵੰਡ ਕਾਰਜ ਨੇ ਵੀ ਪਿੰਡਾਂ ਵਿੱਚ ਨਵੀਂ ਚਰਚਾ ਛੇੜੀ ਹੈ। ਸਰਕਾਰ ਦਾ ਮੰਨਣਾ ਹੈ ਕਿ ਇਸ ਨਾਲ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੇ ਰਸੋਈ ਖਰਚੇ ਵਿੱਚ ਰਾਹਤ ਮਿਲੇਗੀ ਅਤੇ ਪੋਸ਼ਣ ਪੱਧਰ ਵਿੱਚ ਸੁਧਾਰ ਆਵੇਗਾ। ਯੋਜਨਾ ਅਧੀਨ ਲੱਖਾਂ ਪਰਿਵਾਰਾਂ ਨੂੰ ਦਾਲਾਂ, ਖੰਡ, ਸਰੋਂ੍ਹ ਦਾ ਤੇਲ, ਨਮਕ ਅਤੇ ਹਲਦੀ ਵਰਗੀਆਂ ਜ਼ਰੂਰੀ ਵਸਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ । ਰਾਜਨੀਤਿਕ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਨ੍ਹਾਂ ਯੋਜਨਾਵਾਂ ਕਾਰਨ ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੀ ਪਹੁੰਚ ਸਿੱਧੀ ਤਰ੍ਹਾਂ ਘਰ-ਘਰ ਤੱਕ ਬਣ ਰਹੀ ਹੈ। ਪਿੰਡਾਂ ਵਿੱਚ ਲੋਕਾਂ ਦੀਆਂ ਗੱਲਾਂ-ਬਾਤਾਂ ਅਤੇ ਸੱਥਾਂ ਵਿੱਚ ਵੀ ਇਨ੍ਹਾਂ ਸਕੀਮਾਂ ਦਾ ਜ਼ਿਕਰ ਆਮ ਹੋ ਗਿਆ ਹੈ। ਆਉਣ ਵਾਲੇ ਸਮੇਂ ਵਿੱਚ ਇਹ ਯੋਜਨਾਵਾਂ ਪੰਜਾਬ ਦੀ ਰਾਜਨੀਤੀ ਅਤੇ ਸਮਾਜਿਕ ਜੀਵਨ ‘ਤੇ ਕਿੰਨਾ ਪ੍ਰਭਾਵ ਛੱਡਦੀਆਂ ਹਨ, ਇਸ ‘ਤੇ ਸਭ ਦੀ ਨਜ਼ਰ ਟਿਕੀ ਹੋਈ ਹੈ।
ਰਾਸ਼ਨ ਕਿੱਟਾਂ ਤੇ ਮਾਵਾਂ-ਧੀਆਂ ਸਤਿਕਾਰ ਯੋਜਨਾ ਨੇ ਪਿੰਡਾਂ ਤੱਕ ਪਹੁੰਚਾਈ ਸਰਕਾਰ ਦੀ ਮੌਜੂਦਗੀ
ਅਜੀਤ ਡੈਸਕ
22-06-2026