ਸਮਰਾਲਾ, 3 ਜੁਲਾਈ (ਗੋਪਾਲ ਸੋਫਤ)-ਪ੍ਰਿੰਸੀਪਲ ਡਾ. ਪੂਨਮ ਸ਼ਰਮਾ ਦੀ ਅਗਵਾਈ ਹੇਠ ਸੈਂਟੀਨਲ ਇੰਟਰਨੈਸ਼ਨਲ ਸਕੂਲ, ਸਮਰਾਲਾ ਵਲੋਂ ਵਿਦਿਆਰਥੀਆਂ ਲਈ ਮਨਾਲੀ ਅਤੇ ਰੋਹਤਾਂਗ ਪਾਸ ਦਾ ਤਿੰਨ ਦਿਨਾਂ ਵਿੱਦਿਅਕ ਅਤੇ ਮਨੋਰੰਜਕ ਟੂਰ ਕਰਵਾਇਆ ਗਿਆ। ਇਸ ਟੂਰ ਦਾ ਉਦੇਸ਼ ਵਿਦਿਆਰਥੀਆਂ ਨੂੰ ਕੁਦਰਤੀ ਸੁੰਦਰਤਾ, ਇਤਿਹਾਸਕ ਅਤੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਦੇ ਨਾਲ-ਨਾਲ ਸਾਹਸਿਕ ਗਤੀਵਿਧੀਆਂ ਦਾ ਅਨੁਭਵ ਕਰਵਾਉਣਾ ਸੀ। ਟੂਰ ਦੇ ਪਹਿਲੇ ਦਿਨ ਵਿਦਿਆਰਥੀਆਂ ਨੂੰ ਮਨਾਲੀ ਦੇ ਪ੍ਰਸਿੱਧ ਮਾਲ ਰੋਡ, ਹਿਡਿੰਬਾ ਦੇਵੀ ਮੰਦਿਰ ਅਤੇ ਭਗਵਾਨ ਸ਼ਿਵ ਮੰਦਿਰ ਦੇ ਦਰਸ਼ਨ ਕਰਵਾਏ ਗਏ। ਵਿਦਿਆਰਥੀਆਂ ਨੇ ਇਨ੍ਹਾਂ ਸਥਾਨਾਂ ਦੀ ਧਾਰਮਿਕ ਅਤੇ ਸਭਿਆਚਾਰਕ ਮਹੱਤਤਾ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਸ਼ਾਮ ਨੂੰ ਵਿਦਿਆਰਥੀਆਂ ਨੇ ਅੰਤਾਕਸ਼ਰੀ ਖੇਡੀ ਅਤੇ ਮਨੋਰੰਜਕ ਗਤੀਵਿਧੀਆਂ ਵਿਚ ਭਾਗ ਲੈਂਦਿਆਂ ਖੂਬ ਆਨੰਦ ਮਾਣਿਆ। ਦੂਜੇ ਦਿਨ ਵਿਦਿਆਰਥੀਆਂ ਨੂੰ ਵਿਸ਼ਵ ਪ੍ਰਸਿੱਧ ਰੋਹਤਾਂਗ ਪਾਸ ਲਿਜਾਇਆ ਗਿਆ। ਬਰਫ਼ ਨਾਲ ਢਕੀਆਂ ਪਹਾੜੀਆਂ ਅਤੇ ਮਨਮੋਹਕ ਨਜ਼ਾਰਿਆਂ ਨੇ ਸਭ ਦਾ ਮਨ ਮੋਹ ਲਿਆ। ਵਿਦਿਆਰਥੀਆਂ ਨੇ ਬਰਫ਼ ਵਿਚ ਖੇਡਾਂ ਦਾ ਆਨੰਦ ਲਿਆ ਅਤੇ ਆਈਸ ਸਕੇਟਿੰਗ ਦਾ ਪੂਰਾ ਮਜ਼ਾ ਲਿਆ। ਇਸ ਦੌਰਾਨ ਉਨ੍ਹਾਂ ਨੂੰ ਇੰਜੀਨੀਅਰਿੰਗ ਦਾ ਅਦਭੁਤ ਨਮੂਨਾ ਅਟਲ ਟਨਲ ਵੀ ਵਿਖਾਈ ਗਈ। ਰਾਤ ਨੂੰ ਹੋਟਲ ਦੇ ਡੀ.ਜੇ. ਹਾਲ ਵਿਚ ਇੱਕ ਰੰਗਾਰੰਗ ਡੀ. ਜੇ. ਪਾਰਟੀ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿਚ ਵਿਦਿਆਰਥੀਆਂ ਨੇ ਪੰਜਾਬੀ ਗੀਤਾਂ ‘ਤੇ ਨੱਚ ਕੇ ਖੂਬ ਮੌਜ ਮਸਤੀ ਕੀਤੀ। ਇਸ ਤੋਂ ਇਲਾਵਾ ਆਫ-ਰੋਡ ਟਰੈਕਿੰਗ ਦੀ ਰੋਮਾਂਚਕ ਗਤੀਵਿਧੀ ਵੀ ਕਰਵਾਈ ਗਈ। ਤੀਜੇ ਦਿਨ ਕੁੱਲੂ ਵਿਚ ਇਤਿਹਾਸਕ ਗਤੀਵਿਧੀਆਂ ਜਿਵੇਂ ਕਿ ਰਿਵਰ ਕ੍ਰਾਸਿੰਗ, ਜ਼ਿਪ ਲਾਈਨਿੰਗ, ਰਿਵਰ ਰਾਫਟਿੰਗ ਅਤੇ ਪੈਰਾਗਲਾਈਡਿੰਗ ਕਰਵਾਈ ਗਈ। ਵਿਦਿਆਰਥੀਆਂ ਨੇ ਉਤਸ਼ਾਹ ਨਾਲ ਇਨ੍ਹਾਂ ਗਤੀਵਿਧੀਆਂ ਵਿਚ ਭਾਗ ਲਿਆ। ਇਸ ਦੌਰਾਨ ਉਨ੍ਹਾਂ ਨੂੰ ਪੈਟਰੀਫਿਕੇਸ਼ਨ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਹ ਟੂਰ ਵਿਦਿਆਰਥੀਆਂ ਲਈ ਯਾਦਗਾਰ, ਸਿੱਖਿਆਦਾਇਕ ਅਤੇ ਰੋਮਾਂਚ ਨਾਲ ਭਰਪੂਰ ਸਾਬਤ ਹੋਇਆ। ਪ੍ਰਿੰਸੀਪਲ ਨੇ ਦੱਸਿਆ ਕਿ ਸਕੂਲ ਪ੍ਰਬੰਧਨ ਨੇ ਇਸ ਸਫਲ ਟੂਰ ਲਈ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਹੈ।