ਮੁੱਲਾਂਪੁਰ-ਦਾਖਾ, 4 ਜੁਲਾਈ (ਨਿਰਮਲ ਸਿੰਘ ਧਾਲੀਵਾਲ)- ਇਫ਼ਕੋ ਲੁਧਿਆਣਾ ਵਲੋਂ ਪਿੰਡ ਪਮਾਲੀ ਵਿਖੇ ਸਹਿਕਾਰਤਾ ਹਫ਼ਤੇ ਨੂੰ ਸਮਰਪਿਤ ਇੱਕ ਕਿਸਾਨ ਸਭਾ ਦਾ ਪ੍ਰੋਗਰਾਮ ਉਲੀਕਿਆ ਗਿਆ। ਪਮਾਲੀ ਖੇਤੀਬਾੜੀ ਸਹਿਕਾਰੀ ਸਭਾ ਪ੍ਰਧਾਨ ਧਨਵਿੰਦਰ ਸਿੰਘ, ਕਮੇਟੀ ਮੈਂਬਰਾਨ, ਉੱਦਮੀ ਕਿਸਾਨਾਂ ਦੇ ਸਹਿਯੋਗ ਨਾਲ ਭਰਵੀ ਇਕੱਤਰਤਾ ਵਿਚ ਡਾ. ਅਹਾਨਾ ਗੌਤਮ ਵਿਸ਼ੇਸ਼ ਸ਼ਮੂਲੀਅਤ ਕੀਤੀ। ਮੰਚ ਸੰਚਾਲਨ ਸੰਭਾਲਦਿਆਂ ਬੀ.ਕੇ.ਯੂ (ਡਕੌਂਦਾ) ਵਲੋਂ ਅਮਨਜੋਤ ਸਿੰਘ ਇਕੱਤਰਤਾ ਵਿਚ ਸ਼ਾਮਿਲ ਸਭਾ ਦੇ ਹਿੱਸੇਦਾਰਾਂ, ਪਿੰਡ ਦੇ ਪਤਵੰਤਿਆਂ ਨਾਲ ਸਮਾਰੋਹ ਦੇ ਮੁੱਖ ਮਹਿਮਾਨ ਡਾ: ਆਹਾਨਾ ਗੌਤਮ, ਮੋਹਨ ਸਵਰੂਪ ਖੇਤਰੀ ਪ੍ਰਬੰਧਕ ਨੂੰ ਜੀ ਆਇਆਂ ਕਿਹਾ। ਕਿਸਾਨਾਂ ਦੀ ਇਕੱਤਰਤਾ ਨੂੰ ਸੰਬੋਧਨ ਹੁੰਦਿਆਂ ਡਾ: ਆਹਾਨਾ ਗੌਤਮ ਦੱਸਿਆ ਕਿ ਇਫ਼ਕੋ ਵਲੋਂ ਕਿਸਾਨਾਂ ਦੀ ਬਿਹਤਰੀ ਲਈ ਹਰ ਸੰਭਵ ਸਹਾਇਤਾ ਨਿਰੰਤਰ ਜਾਰੀ ਹੈ, ਚਾਹੇ ਉਹ ਇਫ਼ਕੋ ਦੇ ਬਾਇਓ ਖਾਦ ਪਦਾਰਥ ਜਾਂ ਫ਼ਸਲਾਂ ਸਬੰਧੀ ਹੋਰ ਜਾਣਕਾਰੀ ਹੋਵੇ। ਡਾ: ਗੌਤਮ ਪਮਾਲੀ ਖੇਤੀਬਾੜੀ ਸਭਾ ਦੇ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਦਾ ਹਰ ਖੇਤੀਬਾੜੀ ਸਭਾ ’ਚ ਹੋਣਾ ਲਾਜ਼ਮੀ ਹੈ। ਕਿਸਾਨ ਭਲਾਈ, ਪੇਂਡੂ ਵਿਕਾਸ ਅਤੇ ਟਿਕਾਊ ਖੇਤੀਬਾੜੀ ਨੂੰ ਉਤਸ਼ਾਹਿਤ ਕਰਨ ਲਈ ਇਫਕੋ ਦੇ ਖੇਤਰੀ ਪ੍ਰਬੰਧਕ ਮੋਹਨ ਸਵਰੂਪ ਵਲੋਂ ਸੰਬੋਧਨ ਕੀਤਾ। ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ ਲਈ ਐੱਮ.ਡੀ.ਈ. ਸੁਨੀਲ ਕੁਮਾਰ ਵਲੋਂ ਕਿਸਾਨਾਂ ਨਾਲ ਕਈ ਨੁਕਤੇ ਸਾਂਝੇ ਕੀਤੇ। ਐੱਮ.ਡੀ.ਈ. ਜੈ ਸਿੰਘ ਨੇ ਇਫ਼ਕੋ ਸਾਗਰਿਕਾ ਤਰਲ ਅਤੇ ਇਫਕੋ ਸਾਗਰਿਕਾ ਗ੍ਰੈਨਿਊਲਜ਼ ਦੇ ਫਾਇਦਿਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੀ ਵਰਤੋਂ ਨਾਲ ਪੌਦਿਆਂ ਦਾ ਵਿਕਾਸ ਵਧੀਆ ਹੁੰਦਾ ਹੈ, ਫ਼ਸਲਾਂ ਦੀ ਪੈਦਾਵਾਰ ਵਿੱਚ ਵਾਧਾ ਹੁੰਦਾ ਹੈ ਅਤੇ ਉਪਜ ਦੀ ਗੁਣਵੱਤਾ ਵਿਚ ਸੁਧਾਰ ਆਉਂਦਾ ਹੈ। ਸੇਲਜ਼ ਅਫ਼ਸਰ ਗੁਰਪ੍ਰੀਤ ਸਿੰਘ ਵਲੋਂ ਕਿਸਾਨਾਂ ਨੂੰ ਇਫ਼ਕੋ ਬਾਜ਼ਾਰ ਸਟੋਰ ਬਾਰੇ ਜਾਣਕਾਰੀ ਦਿੰਦਿਆਂ ਉੱਥੇ ਉਪਲੱਬਧ ਖਾਦਾਂ, ਫਸਲ ਸੁਰੱਖਿਆ ਉਤਪਾਦਾਂ ਅਤੇ ਹੋਰ ਖੇਤੀਬਾੜੀ ਲਈ ਲੋੜੀਂਦੇ ਸਮਾਨ ਬਾਰੇ ਦੱਸਿਆ ਗਿਆ। ਕਿਸਾਨਾਂ ਵਲੋਂ ਖਾਦ, ਬੀਜ ਨੂੰ ਲੈ ਕੇ ਕੁਝ ਮੁਸ਼ਕਿਲਾਂ ਬਾਰੇ ਵੀ ਇਫ਼ਕੋ ਦੇ ਸੀਨੀਅਰ ਅਧਿਕਾਰੀਆਂ ਕਿਸਾਨਾਂ ਦੀ ਗੱਲ ਗੌਰ ਨਾਲ ਸੁਣੀ ਅਤੇ ਭਰੋਸਾ ਦਿੱਤਾ ਕਿ ਅਜਿਹੀ ਕੋਈ ਮੁਸ਼ਕਿਲ ਅਗਾਂਹੂ ਨਹੀਂ ਆਵੇਗੀ। ਸਕੱਤਰ ਸਭਾ ਰਾਜਨ ਸ਼ਰਮਾ ਵਲੋਂ ਸਮਾਰੋਹ ਦੇ ਮਹਿਮਾਨਾਂ ਦਾ ਧੰਨਵਾਦ ਕੀਤਾ।
ਇਫ਼ਕੋ ਵਲੋਂ ਪਿੰਡ ਪਮਾਲੀ ਵਿਖੇ ਸਹਿਕਾਰਤਾ ਹਫ਼ਤੇ ਤਹਿਤ ਕਿਸਾਨ ਸਭਾ ਪ੍ਰੋਗਰਾਮ ਕਰਵਾਇਆ
ਅਜੀਤ ਡੈਸਕ
05-07-2026