11 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ 1 ਗ੍ਰਿਫ਼ਤਾਰ
ਅਜੀਤ ਡੈਸਕ
05-07-2026
ਮਾਛੀਵਾੜਾ ਸਾਹਿਬ, 4 ਜੁਲਾਈ (ਰਾਜਦੀਪ ਸਿੰਘ ਅਲਬੇਲਾ)-ਕੂੰਮਕਲਾਂ ਪੁਲਿਸ ਵਲੋਂ ਨਾਜਾਇਜ਼ ਸ਼ਰਾਬ ਸਮੇਤ ਇੱਕ ਵਿਅਕਤੀ ਅਫ਼ਤਾਬ ਹੁਸੈਨ ਉਰਫ਼ ਮੁੱਲਾ ਵਾਸੀ ਰਾਏਪੁਰ ਬੇਟ ਨੂੰ ਕਾਬੂ ਕੀਤਾ ਹੈ। ਥਾਣਾ ਮੁਖੀ ਇੰਸਪੈਕਟਰ ਮਧੂ ਬਾਲਾ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਜਗਤਾਰ ਸਿੰਘ ਵਲੋਂ ਸ਼ੱਕੀ ਪੁਰਸ਼ਾਂ ਤੇ ਵਹੀਕਲਾਂ ਦੀ ਚੈਕਿੰਗ ਸਬੰਧੀ ਪਿੰਡ ਪੰਜੇਟਾ ਵਿਖੇ ਮੌਜੂਦ ਸੀ ਤਾਂ ਮੁਖ਼ਬਰ ਨੇ ਆ ਕੇ ਸੂਚਨਾ ਦਿੱਤੀ ਕਿ ਅਫਤਾਬ ਹੁਸੈਨ ਉਰਫ਼ ਮੁੱਲਾ ਜੋ ਪਿਛਲੇ ਕਾਫ਼ੀ ਸਮੇਂ ਤੋਂ ਨਾਜਾਇਜ਼ ਸ਼ਰਾਬ ਵੇਚਣ ਦਾ ਕੰਮ ਕਰਦਾ ਹੈ। ਉਹ ਬਾਹਰਲੇ ਰਾਜਾਂ ਤੋਂ ਸਸਤੇ ਭਾਅ ਸ਼ਰਾਬ ਲਿਆ ਕੇ ਅੱਗੇ ਮਹਿੰਗੇ ਭਾਅ ਵੇਚ ਕੇ ਮੋਟਾ ਮੁਨਾਫ਼ਾ ਕਮਾਉਂਦਾ ਹੈ ਅਤੇ ਅੱਜ ਵੀ ਭਾਰੀ ਮਾਤਰਾ ਵਿਚ ਨਾਜਾਇਜ਼ ਸ਼ਰਾਬ ਲਿਆ ਕੇ ਪਿੰਡ ਰਾਏਪੁਰ ਬੇਟ ਤੋਂ ਪਿੰਡ ਪ੍ਰਿਥੀਪੁਰ ਜਾਣ ਵਾਲੀ ਸੜਕ ਦੇ ਸੱਜੇ ਪਾਸੇ ਮੋਟਰ ਦੇ ਕਮਰੇ ਵਿਚ ਰੱਖੀ ਹੋਈ ਹੈ। ਉਹ ਮੋਟਰ ਦੇ ਕਮਰੇ ਵਿਚ ਬੈਠ ਕੇ ਗ੍ਰਾਹਕਾਂ ਦੀ ਉਡੀਕ ਕਰ ਰਿਹਾ ਹੈ ਅਤੇ ਜੇਕਰ ਰੇਡ ਕੀਤੀ ਤਾਂ ਉਕਤ ਨਾਜਾਇਜ਼ ਸ਼ਰਾਬ ਸਮੇਤ ਕਾਬੂ ਆ ਸਕਦਾ ਹੈ। ਪੁਲਿਸ ਵਲੋਂ ਜਦੋਂ ਮੋਟਰ ‘ਤੇ ਰੇਡ ਕੀਤੀ ਗਈ ਤਾਂ ਉੱਥੋਂ 11 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਹੋਈਆਂ ਜਿਸ ‘ਤੇ ਅਫ਼ਤਾਬ ਹੁਸੈਨ ਖ਼ਿਲਾਫ਼ ਐਕਸਾਈਜ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ।