ਕੁਹਾੜਾ, 11 ਜੁਲਾਈ (ਸੰਦੀਪ ਸਿੰਘ ਕੁਹਾੜਾ)-ਲੁਧਿਆਣਾ ਚੰਡੀਗੜ੍ਹ ਮੁੱਖ ਮਾਰਗ ਸਥਿਤ ਪਿੰਡ ਕੁਹਾੜਾ ਦੇ ਵਾਸੀਆਂ ਦੀ ਲੰਮੇ ਸਮੇਂ ਤੋਂ ਚੱਲ ਰਹੀ ਵੱਡੀ ਪ੍ਰਸ਼ਾਸਕੀ ਸਮੱਸਿਆ ਦਾ ਅੰਤ ਹੋ ਗਿਆ ਹੈ। ਸਮਾਜ ਸੇਵੀ ਜਗਰਾਜ ਸਿੰਘ ਗਰਚਾ ਕੁਹਾੜਾ (ਕੈਨੇਡਾ) ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਆਪਣੀ ਪੁਰਾਣੀ ਜਾਣ-ਪਛਾਣ ਦਾ ਲਾਹਾ ਲੈਂਦੇ ਹੋਏ ਕੁਹਾੜਾ ਪਿੰਡ ਨੂੰ ਤਿੰਨ ਵੱਖ-ਵੱਖ ਥਾਣਿਆਂ ਦੀ ਹੱਦ ਵਿਚ ਵੰਡੇ ਜਾਣ ਵਾਲੀ ਪਰੇਸ਼ਾਨੀ ਤੋਂ ਮੁਕਤ ਕਰਵਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪਿੰਡ ਕੁਹਾੜਾ ਕਾਫੀ ਸਮੇਂ ਤੋਂ ਤਿੰਨ ਥਾਣਿਆਂ ਦੀ ਹੱਦ ਵਿਚ ਆਉਂਦਾ ਸੀ, ਜਿਸ ਕਾਰਨ ਪਿੰਡ ਵਾਸੀਆਂ ਨੂੰ ਕਾਨੂੰਨੀ ਅਤੇ ਪ੍ਰਸ਼ਾਸਕੀ ਕੰਮਾਂ ਲਈ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਹੁਣ ਇਸ ਸਮੱਸਿਆ ਦਾ ਹੱਲ ਕਰਦਿਆਂ ਪ੍ਰਸ਼ਾਸਨ ਵਲੋਂ ਪਿੰਡ ਨੂੰ ਇੱਕੋ ਥਾਣਾ ਕੂੰਮਕਲਾਂ ਦੇ ਅਧੀਨ ਦਾ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਕੁਹਾੜਾ ਪਿੰਡ ਦੇ ਸਮੂਹ ਵਾਸੀਆਂ ਦੇ ਕੰਮ ਕਾਰ ਥਾਣਾ ਕੂਮ ਕਲਾਂ ਵਿਚ ਕੀਤੇ ਜਾਣਗੇ, ਜਿਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਇਸ ਮੌਕੇ ਬਲਵੀਰ ਸਿੰਘ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਪਿੰਡ ਵਾਸੀਆਂ ਨੂੰ ਆ ਰਹੀ ਸਮੱਸਿਆ ਦਾ ਮਸਲਾ ਜਗਰਾਜ ਸਿੰਘ ਗਰਚਾ ਵਲੋਂ ਨਿੱਜੀ ਤੌਰ ‘ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲ ਰੱਖਿਆ ਗਿਆ, ਜਿਸ ਉਪਰੰਤ ਤੁਰੰਤ ਕਾਰਵਾਈ ਕਰਦਿਆਂ ਇਹ ਫ਼ੈਸਲਾ ਲਿਆ ਗਿਆ।ਇਸ ਮੌਕੇ ਜਗਰਾਜ ਸਿੰਘ ਗਰਚਾ ਅਤੇ ਬਲਬੀਰ ਸਿੰਘ ਵਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਕੈਬਨਿਟ ਮੰਤਰੀ ਤੇ ਹਲਕਾ ਵਿਧਾਇਕ ਹਰਦੀਪ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ, ਜਿਨ੍ਹਾਂ ਦੇ ਸਹਿਯੋਗ ਨਾਲ ਇਹ ਮਾਮਲਾ ਜਲਦੀ ਹੱਲ ਹੋ ਸਕਿਆ। ਇਸ ਮੌਕੇ ਪਿੰਡ ਵਾਸੀਆਂ ਨੇ ਵੀ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਫ਼ੈਸਲਾ ਉਨ੍ਹਾਂ ਲਈ ਵੱਡੀ ਰਾਹਤ ਲੈ ਕੇ ਆਇਆ ਹੈ ਅਤੇ ਲੰਬੇ ਸਮੇਂ ਤੋਂ ਚੱਲ ਰਹੀ ਪਰੇਸ਼ਾਨੀ ਤੋਂ ਛੁਟਕਾਰਾ ਮਿਲਿਆ ਹੈ। ਇਸ ਮੌਕੇ ਸਾਬਕਾ ਪੰਚ ਮਲਕੀਤ ਸਿੰਘ ਵੀ ਹਾਜ਼ਰ ਸਨ।