ਬੀਜਾ, 12 ਜੁਲਾਈ (ਪੱਤਰ ਪ੍ਰੇਰਕ)- ਹਲਕਾ ਖੰਨਾ ਦੇ ਵਿਧਾਇਕ ਅਤੇ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ, ਕਿਰਤ, ਸੈਰ ਸਪਾਟਾ, ਸੱਭਿਆਚਾਰਕ ਮਾਮਲਿਆਂ ਅਤੇ ਬਿਜਲੀ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਐਤਵਾਰ ਨੂੰ ਹਲਕਾ ਖੰਨਾ ਦੇ ਪਿੰਡ ਕੋਟ ਸੇਖੋਂ, ਮਹਿੰਦੀਪੁਰ ਵਿੱਚ ਲੋਕ ਮਿਲਣੀ ਪ੍ਰੋਗਰਾਮ ਕਰਕੇ ਇਲਾਕਾ ਵਾਸੀਆਂ ਨਾਲ ਰੂ-ਬ-ਰੂ ਹੋ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਵਿਕਾਸ ਸਬੰਧੀ ਮੰਗਾਂ ’ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ। ਲੋਕ ਮਿਲਣੀ ਦੌਰਾਨ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ, ਪੰਚਾਇਤ ਨੁਮਾਇੰਦਿਆਂ ਅਤੇ ਇਲਾਕਾ ਵਾਸੀਆਂ ਨੇ ਸ਼ਮੂਲੀਅਤ ਕੀਤੀ ਅਤੇ ਪੰਜਾਬ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਦੀ ਸ਼ਲਾਘਾ ਕੀਤੀ। ਪਿੰਡ ਮਹਿੰਦੀਪੁਰ ਦੇ ਵਿਕਾਸ ਕਾਰਜਾਂ ਲਈ 15 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਗਈ ਅਤੇ ਇਸੇ ਤਰ੍ਹਾਂ ਪਿੰਡ ਕੋਟ ਸੇਖੋਂ ਦੇ ਬੱਸ ਸਟੈਂਡ ਦੇ ਵਿਕਾਸ ਲਈ 5 ਲੱਖ ਰੁਪਏ ਦੀ ਗ੍ਰਾਂਟ ਦਾ ਐਲਾਨ ਕੀਤਾ ਗਿਆ। ਕੈਬਨਿਟ ਮੰਤਰੀ ਨੇ ਕਿਹਾ ਕਿ ਇਨ੍ਹਾਂ ਵਿਕਾਸ ਕਾਰਜਾਂ ਨਾਲ ਪਿੰਡਾਂ ਦਾ ਬੁਨਿਆਦੀ ਢਾਂਚਾ ਹੋਰ ਮਜ਼ਬੂਤ ਹੋਵੇਗਾ, ਲੋਕਾਂ ਨੂੰ ਰੋਜ਼ਾਨਾ ਦੀਆਂ ਬਿਹਤਰ ਸਹੂਲਤਾਂ ਮਿਲਣਗੀਆਂ ਅਤੇ ਪਿੰਡਾਂ ਦੇ ਸਮੁੱਚੇ ਵਿਕਾਸ ਨੂੰ ਨਵੀਂ ਰਫ਼ਤਾਰ ਮਿਲੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਹਰ ਪਿੰਡ ਨੂੰ ਵਿਕਾਸ ਦੀ ਮੁੱਖ ਧਾਰਾ ਨਾਲ ਜੋੜਨ ਲਈ ਵਚਨਬੱਧ ਹੈ। ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਖੰਨਾ ਜਗਤਾਰ ਸਿੰਘ ਗਿੱਲ, ਚੇਅਰਮੈਨ ਬਲਾਕ ਸੰਮਤੀ ਖੰਨਾ ਲਖਵੀਰ ਸਿੰਘ ਗਿੱਲ, ਅਵਤਾਰ ਸਿੰਘ ਦੈਹਿੜੂ, ਓ.ਐਸ.ਡੀ ਕਰਨ ਅਰੋੜਾ, ਐਡਵੋਕੇਟ ਮਨਰੀਤ ਸਿੰਘ ਨਾਗਰਾ, ਅਮਰਦੀਪ ਸਿੰਘ ਪੁਰੇਵਾਲ, ਬੀ. ਡੀ. ਪੀ. ਓ ਖੰਨਾ ਸਤਵਿੰਦਰ ਸਿੰਘ ਕੰਗ, ਮੌਜੂਦਾ ਪੰਚਾਇਤ ਮੈਂਬਰ ਸੁਖਦੇਵ ਸਿੰਘ ਸੁੱਖਾ, ਅਮਰੀਕ ਸਿੰਘ ਮੀਕਾ, ਸਤਨਾਮ ਸਿੰਘ, ਸਰਜੀਤ ਸਿੰਘ ਮਹਿੰਦੀਪੁਰ, ਤੋਂ ਇਲਾਵਾ ਪੰਚਾਇਤ ਨੁਮਾਇੰਦੇ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ।