ਸਮਰਾਲਾ, 16 ਜੁਲਾਈ (ਕੁਲਵਿੰਦਰ ਸਿੰਘ)-ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨਜ਼ ਸੀਟੂ ਦੇ ਪ੍ਰਮੁੱਖ ਆਗੂਆਂ ਆਲ ਇੰਡੀਆ (ਸੀਟੂ) ਦੇ ਸਕੱਤਰ ਕਾਮਰੇਡ ਊਸ਼ਾ ਰਾਣੀ ਪੰਜਾਬ ਸੀਟੂ ਦੇ ਸੂਬਾਈ ਪ੍ਰਧਾਨ ਚੰਦਰ ਸ਼ੇਖਰ ਜਨਰਲ ਸਕੱਤਰ ਸਾਥੀ ਮਹਾਂ ਸਿੰਘ ਰੌੜੀ ਵਿੱਤ ਸਕੱਤਰ ਸੁਖਮਿੰਦਰ ਸਿੰਘ ਲੋਟੇ, ਸੂਬਾਈ ਮੀਤ ਪ੍ਰਧਾਨ ਸਾਥੀ ਸੁੱਚਾ ਸਿੰਘ ਅਜਨਾਲਾ, ਸ਼ੇਰ ਸਿੰਘ ਫਰਵਾਹੀ, ਸੂਬਾਈ ਸਕੱਤਰ ਅਮਰਨਾਥ ਕੂੰਮਕਲਾਂ ਨੇ ਪੈ੍ਰੱਸ ਨੋਟ ਜਾਰੀ ਕਰਦਿਆਂ ਮਨਰੇਗਾ ਕਰਮਚਾਰੀਆਂ ਉੱਤੇ ਢਾਹੇ ਗਏ ਜ਼ਬਰ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਵਲੋਂ ਮਨਰੇਗਾ ਕਰਮਚਾਰੀਆਂ ਨੂੰ ਪਿਛਲੇ 8 ਮਹੀਨਿਆਂ ਤੋਂ ਤਨਖ਼ਾਹਾਂ ਨਹੀਂ ਦਿੱਤੀਆਂ ਜਾ ਰਹੀਆਂ। ਉਨ੍ਹਾਂ ਮਾਨ ਸਰਕਾਰ ਨੂੰ ਸਵਾਲ ਕੀਤਾ ਕਿ ਮਾਨ ਸਰਕਾਰ ਇਹ ਦੱਸੇ ਕਿ ‘ਕਰਮਚਾਰੀਆਂ ਵਲੋਂ ਕੀਤੇ ਕੰਮਾਂ ਦੀ ਤਨਖ਼ਾਹ ਮੰਗਣਾ ਜਾਇਜ਼ ਨਹੀਂ’ ਜੇ ਮਿਹਨਤ ਮੰਗਣਾ ਜਾਇਜ਼ ਹੈ ਤਾਂ ਫਿਰ ਲਾਠੀਚਾਰਜ ਕਿਉਂ? ਸੀਟੂ ਆਗੂਆਂ ਨੇ ਮੰਗ ਕੀਤੀ ਕਿ ਮਨਰੇਗਾ ਕਰਮਚਾਰੀਆਂ ਦੀ ਬਕਾਇਆ ਪੇਮੈਂਟ ਫ਼ੌਰੀ ਦਿੱਤੀ ਜਾਵੇ, ਚੋਣਾਂ ਦੌਰਾਨ ਕੀਤੇ ਵਾਅਦੇ ਅਨੁਸਾਰ ਕੱਚੇ ਵਰਕਰਾਂ ਨੂੰ ਪੱਕੇ ਕੀਤਾ ਜਾਵੇ। ਜ਼ਖ਼ਮੀ ਮੁਲਾਜ਼ਮਾਂ ਦਾ ਇਲਾਜ ਮੁਫ਼ਤ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ/ਮਜ਼ਦੂਰਾਂ ਉੱਤੇ ਕੀਤੇ ਗਏ ਅੰਨ੍ਹੇ ਤਸ਼ੱਦਦ ਦਾ ਹਿਸਾਬ 2027 ਦੀ ਇਲੈੱਕਸ਼ਨ ਵਿਚ ਮਾਨ ਸਰਕਾਰ ਤੋਂ ਲਿਆ ਜਾਵੇਗਾ।