ਮੁੱਲਾਂਪੁਰ-ਦਾਖਾ, 17 ਜੁਲਾਈ (ਨਿਰਮਲ ਸਿੰਘ ਧਾਲੀਵਾਲ)- ਪਿਛਲੇ ਕਈ ਦਿਨਾਂ ਤੋਂ ਲਾਪਤਾ ਲਾਗਲੇ ਪਿੰਡ ਕੈਲਪੁਰ ਵਸਨੀਕ ਗੁਰਮੀਤ ਸਿੰਘ (24) ਦੀ ਮ੍ਰਿਤਕ ਦੇਹ ਪਰਿਵਾਰ ਨੂੰ ਟੱਲੇਵਾਲ-ਬੀਹਲਾ ਨਹਿਰ ’ਚ ਤੈਰਦੀ ਮਿਲੀ। ਜਾਣਕਾਰੀ ਅਨੁਸਾਰ ਗੁਰਮੀਤ ਸਿੰਘ ਕੁਝ ਦਿਨ ਪਹਿਲਾਂ ਘਰ ਇਹ ਆਖ ਕੇ ਗਿਆ ਕਿ ਉਹ ਗੁਰੂਸਰ ਸੁਧਾਰ ਕਿਸੇ ਕੰਮ ਜਾ ਰਿਹਾ, ਜਲਦੀ ਵਾਪਿਸ ਆ ਜਾਵੇਗਾ। ਗੁਰਮੀਤ ਸਿੰਘ ਸ਼ਾਮ ਨੂੰ ਆਪਣੇ ਘਰ ਫੋਨ ਕੀਤਾ ਕਿ ਉਹ ਮਲੇਰਕੋਟਲੇ ਜਾ ਰਿਹਾ, ਲੇਟ ਹੀ ਮੁੜੇਗਾ। ਰਾਤ ਨੂੰ ਨੌਜਵਾਨ ਪੁੱਤ ਜਦ ਘਰ ਵਾਪਿਸ ਨਾ ਮੁੜਿਆ ਤਾਂ ਸਦਮੇ ’ਚ ਪਰਿਵਾਰ ਵਲੋਂ ਸਰਪੰਚ ਹਰਕੇਵਲ ਸਿੰਘ ਰਾਏ ਨੂੰ ਪੂਰੇ ਮਾਮਲੇ ਤੋਂ ਜਾਣੂੰ ਕਰਵਾਇਆ। ਉਸ ਦਿਨ ਤੋਂ ਲੈ ਕੇ ਪਰਿਵਾਰ ਗੁਰਮੀਤ ਸਿੰਘ ਦੀ ਭਾਲ ਵਿਚ ਸੀ। ਬੀਤੇ ਦਿਨ ਪਿੰਡ ਮਹੋਲੀ ਤੋਂ ਕਿਸੇ ਵਿਅਕਤੀ ਦਾ ਪਰਿਵਾਰ ਨੂੰ ਫੋਨ ਆਇਆ ਕਿ ਇਕ ਸਕੂਟਰੀ ਕਲਿਆਣ ਦੇ ਪੁਲ ਨਜ਼ਦੀਕ ਖੜ੍ਹੀ ਹੈ, ਜਿਸ ਦੀ ਰਜਿਸਟ੍ਰੇਸ਼ਨ ਉੱਪਰ ਪਿੰਡ ਕੈਲਪੁਰ ਦਾ ਪਤਾ ਹੈ। ਪਰਿਵਾਰ ਆਪਣੇ ਰਿਸ਼ਤੇਦਾਰਾਂ, ਸਰਪੰਚ ਹਰਕੇਵਲ ਸਿੰਘ, ਹੋਰ ਪਤਵੰਤਿਆਂ ਨੂੰ ਨਾਲ ਲੈ ਕੇ ਥਾਣਾ ਸੰਦੌੜ ਇਤਲਾਹ ਕੀਤੀ। ਅਗਲੀ ਸਵੇਰ ਗੁਰਮੀਤ ਸਿੰਘ ਦੀ ਮ੍ਰਿਤਕ ਦੇਹ ਨਹਿਰ ਦੇ ਬੀਹਲਾ-ਟੱਲੇਵਾਲ ਪੁਲ ਨੇੜੇ ਨਹਿਰ ’ਚ ਤੈਰਦੀ ਮਿਲੀ। ਕੈਲਪੁਰ ਪਰਿਵਾਰ ਵਲੋਂ ਸਿਵਲ ਹਸਪਤਾਲ ਤੋਂ ਗੁਰਮੀਤ ਸਿੰਘ ਦੇ ਪੋਸਟ ਮਾਰਟਮ ਉਪਰੰਤ ਅੱਜ ਮ੍ਰਿਤਕ ਸਰੀਰ ਦਾ ਦੇਰ ਸ਼ਾਮ ਪਿੰਡ ਕੈਲਪੁਰ ਸ਼ਮਸ਼ਾਨਘਾਟ ’ਚ ਸੰਸਕਾਰ ਕੀਤਾ ਗਿਆ। ਭੇਦਭਰੇ ਹਾਲਾਤਾਂ ’ਚ ਲਾਪਤਾ ਹੋਏ ਨੌਜਵਾਨ ਦੀ ਲਾਸ਼ ਨਹਿਰ ’ਚੋਂ ਮਿਲਣ ਬਾਰੇ ਥਾਣਾ ਸੰਦੌੜ ਐੱਸ.ਐੱਚ.ਓ ਨਾਲ ਗੱਲਬਾਤ ਹੋਈ ਤਾਂ ਉਨ੍ਹਾਂ ਦੱਸਿਆ ਕਿ ਪੁਲਿਸ ਪੂਰੇ ਮਾਮਲੇ ਦੀ ਬਾਰੀਕੀ ਨਾਲ ਤਫਤੀਸ਼ ਕਰ ਰਹੀ ਹੈ।
ਕੈਲਪੁਰ ਦੇ ਗੁਰਮੀਤ ਸਿੰਘ ਦੀ ਮ੍ਰਿਤਕ ਦੇਹ ਨਹਿਰ ’ਚੋਂ ਮਿਲੀ ਸੰਦੌੜ ਪੁਲਿਸ ਸ਼ੱਕੀ ਮਾਮਲੇ ਦੀ ਜਾਂਚ ਵਿਚ ਜੁਟੀ
ਅਜੀਤ ਡੈਸਕ
18-07-2026