ਮੁੱਲਾਂਪੁਰ-ਦਾਖਾ, 17 ਜੁਲਾਈ (ਨਿਰਮਲ ਸਿੰਘ ਧਾਲੀਵਾਲ)- ਸੀ. ਬੀ. ਐੱਸ. ਈ. ਦੇ ਨਾਮਵਰ ਵਿਦਿਅਕ ਅਦਾਰੇ ਪੀਸ ਪਬਲਿਕ ਸਕੂਲ ਭਨੋਹੜ (ਸਾਹਮਣੇ ਹਵੇਲੀ, ਨੈਸ਼ਨਲ ਹਾਈਵੇ) ਵਿਖੇ ਵਿਦਿਆਰਥੀਆਂ ਦੇ ਗਿਆਨ ਅਤੇ ਭਾਸ਼ਾਈ ਮੁਹਾਰਤ ਨੂੰ ਵਧਾਉਣ ਦੇ ਉਦੇਸ਼ ਨਾਲ ‘ਭਾਰਤੀ ਭਾਸ਼ਾ ਸਮਰ ਕੈਂਪ’ ਦੀ ਸ਼ੁਰੂਆਤ ਅੱਜ ਹੋਈ। ਪੀਸ ਸਕੂਲ ਅੰਦਰ ਸਮਰ ਕੈਂਪ ਦੇ ਪਹਿਲੇ ਦਿਨ ਤੀਸਰੀ ਜਮਾਤ ਦੇ ਵਿਦਿਆਰਥੀਆਂ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਕੈਂਪ ਦੌਰਾਨ ਛੋਟੇ ਵਿਦਿਆਰਥੀਆਂ ਅੰਦਰ ਭਾਰਤੀ ਭਾਸ਼ਾਵਾਂ ਪ੍ਰਤੀ ਦਿਲਚਸਪੀ ਦੇਖਣ ਨੂੰ ਮਿਲੀ। ਇਨ੍ਹਾਂ ਵੱਖ-ਵੱਖ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਨੇ ਨਾ ਸਿਰਫ਼ ਆਪਣੀਆਂ ਭਾਸ਼ਾਈ ਯੋਗਤਾਵਾਂ ਨੂੰ ਨਿਖਾਰਿਆ, ਸਗੋਂ ਭਾਰਤ ਦੀ ਅਮੀਰ ਸੰਸਕ੍ਰਿਤੀ, ਅਨੇਕਤਾ ਅਤੇ ਸੱਭਿਆਚਾਰਕ ਵਿਰਾਸਤ ਬਾਰੇ ਵੀ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਕੀਤੀ। ਭਾਰਤੀ ਭਾਸ਼ਾਵਾਂ ਅਤੇ ਹੋਰ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦਿਆਂ ਸਕੂਲ ਪ੍ਰਿੰਸੀਪਲ ਸੀ.ਕੇ. ਜੀਜਾ ਵਿਦਿਆਰਥੀਆਂ ਨੂੰ ਦੱਸਿਆ ਕਿ ਅਲੱਗ-ਅਲੱਗ ਭਾਰਤੀ ਭਾਸ਼ਾਵਾਂ ਵਿਚ ਵਰਤੇ ਜਾਣ ਵਾਲੇ ਸਤਿਕਾਰਕ ਸ਼ਬਦ ਜਿਵੇਂ ਨਮਸਕਾਰ, ਸਤਿ ਸ੍ਰੀ ਅਕਾਲ, ਵਣਕੱਮ ਆਦਿ ਸ਼ਬਦ ਅਤੇ ਸ਼ਬਦ ਜੋੜਾਂ ਪ੍ਰਤੀ ਸ਼ੁਰੂ ਤੋਂ ਰੁਚੀ ਵਧਾਈ ਜਾਵੇ। ਨਾਕਾਰਾਤਾਮਕ, ਨਾਰਾਜਗੀ, ਨਿਰਨਾਇਕ, ਨਿਤਾਪ੍ਰਤੀ, ਦਿਇਆਵਾਨ, ਦਸਤਖ਼ਤ, ਦਸਤਾਵੇਜ਼, ਦਖ਼ਲਅੰਦਾਜ਼ੀ ਪੰਜਾਬੀ ਦੇ ਸ਼ਬਦ ਅਤੇ ਅਰਥਾਂ ਸਬੰਧੀ ਵਿਦਿਆਰਥੀਆਂ ਨੂੰ ਸਮਝਾਇਆ ਗਿਆ। ਕੈਂਪ ਦੀ ਸ਼ੁਰੂਆਤ ਮੌਕੇ ਪੱਤਰਕਾਰ ਨਾਲ ਗੱਲਬਾਤ ਸਮੇਂ ਸਕੂਲ ਪ੍ਰਿੰਸੀਪਲ ਸੀ.ਕੇ.ਜੀਜਾ ਦੱਸਿਆ ਕਿ ਇਸ ਕੈਂਪ ਦਾ ਮੁੱਖ ਭਾਵ ਦੋਸਤੀ ਦੇ ਗੀਤ, ਵਚਨਬੱਧਤਾ ਦਾ ਸੰਕਲਪ, ਧਰਤੀਆਂ ਦੇ ਗੀਤ, ਪਲੀਤ ਹੋਇਆ ਚੌਗਿਰਦਾ ਬਾਰੇ ਵਤਾਵਰਣਿਕ ਚੇਤਨਾ, ਸੱਭਿਆਚਾਰਕ ਰੂਪਾਂਤਰਣ ਬਾਰੇ ਵਿਦਿਆਰਥੀਆਂ ਜਾਣੂੰ ਕਰਵਾਉਣ ਦੇ ਨਾਲ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਇਹ ਕੈਂਪ ਬੜੇ ਸਹਾਈ ਹੁੰਦੇ ਹਨ, ਕਿਉਂਕਿ ਸਾਡਾ ਭਾਰਤ ਬਹੁ-ਭਾਸ਼ਾਈ ਅਤੇ ਸੰਸਕ੍ਰਿਤੀਆਂ ਦਾ ਦੇਸ਼ ਹੈ। ਵਿਦਿਆਰਥੀਆਂ ਨੂੰ ਵਿਗਿਆਨਕ ਸੈਕੂਲਰ ਸੋਚ, ਵਤਨਪ੍ਰਸਤੀ ਦਾ ਅਹਿਦ, ਅਮਨ ਅਤੇ ਸਦਭਾਵਨਾ ਦੇ ਸੁਨੇਹੇ ਬਾਰੇ ਇਸ ਕੈਂਪ ’ਚ ਹਫਤਾ ਭਰ ਅਧਿਆਪਕ ਆਪਣੇ ਵਿਦਿਆਰਥੀਆਂ ਨਾਲ ਚੜ੍ਹਦੇ ਅਤੇ ਲਹਿੰਦੇ ਪੰਜਾਬ ਬਣਨ ਤੋਂ ਪਹਿਲਾਂ ਸੰਯੁਕਤ ਪੰਜਾਬ ਦੀ ਭਾਸ਼ਾ ਬਾਰੇ ਜਾਣੂੰ ਕਰਵਾਉਣਗੇਂ। ਇਸ ਕੈਂਪ ਪ੍ਰਤੀ ਵਿਦਿਆਰਥੀਆਂ ’ਚ ਡਾਹਢਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ।